ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਜੂਨ
ਵਿਸ਼ਵ ਵਾਤਾਵਰਨ ਦਿਵਸ ਪੰਜ ਜੂਨ ਦੇ ਮੱਦੇਨਜ਼ਰ ਵਾਤਾਵਰਨ ਪ੍ਰੇਮੀਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਕਸੀਜਨ ਦੇ ਸੰਕਟ ਤੋਂ ਨਿਜ਼ਾਤ ਪਾਉਣ ਲਈ ਪੰਜਾਬ ਦੇ ਚੱਪੇ-ਚੱਪੇ ’ਤੇ ਪੌਦੇ ਲਗਾਉਣ। ਪੰਜਾਬ ਵਿੱਚ ਚਾਰ ਮਾਰਗੀ ਸੜਕਾਂ ਬਣਾਉਣ ਅਤੇ ਬਿਸਤ ਦੋਆਬ ਨਹਿਰ ਦੀ ਮੁਰੰਮਤ ਦੀ ਆੜ ਹੇਠ ਵੱਡੀ ਪੱਧਰ ’ਤੇ ਰੁੱਖ ਵੱਢੇ ਗਏ ਸਨ। ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸੜਕਾਂ ਕਿਨਾਰੇ ਪੌਦੇ ਲਗਾਉਂਦੇ ਆ ਰਹੇ ਹਨ। ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਹਰ ਸਾਲ ਇੱਕ ਲੱਖ ਬੂਟੇ ਮੁਫਤ ਵੰਡਦੇ ਹਨ। ਉਨ੍ਹਾਂ ਨੇ ਦੋ ਨਰਸਰੀਆਂ ਵਿੱਚ 8 ਲੱਖ ਬੂਟੇ ਤਿਆਰ ਕੀਤੇ ਹਨ। ਸਾਲ 2019 ਵਿੱਚ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਸੀ। ਸਾਇੰਸ ਸਿਟੀ ਵੱਲੋਂ 2 ਜੂਨ ਤੋਂ 5 ਜੂਨ ਤੱਕ ਕਰਵਾਏ ਜਾ ਰਹੇ ਵੈਬਿਨਾਰ ਦੌਰਾਨ ਵਿਸ਼ਵ ਵਾਤਾਵਰਣ ਦਿਵਸ ਬਾਰੇ ਚਰਚਾ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਵਾਤਾਵਰਨ ਸੁੰਤਲਨ ਬਣਾਈ ਰੱਖਣ ਲਈ ਜੈਵਿਕ-ਵਿਭਿੰਨਤਾ ਦਾ ਰੱਖ-ਰਖਾਵ ਬਹੁਤ ਜ਼ਰੂਰੀ ਹੈ। ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਵਾਤਾਵਰਨ ਸੰਤੁਲਨ ਦੀ ਬਹਾਲੀ ਆਲਮੀ ਤਪਸ਼ ਅਤੇ ਜਲਵਾਯੂ ਪਰਿਵਤਨ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।