ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਗਸਤ
ਸਨਅਤੀ ਸ਼ਹਿਰ ਦਾ ਕੇਂਦਰ ਕਹੇ ਜਾਂਦੇ ਘੰਟਾ ਘਰ ਦੇ ਕੋਲ ਬਣ ਜਨਤਕ ਬਾਥਰੂਮ ਦੇ ਬਾਹਰ ਸ਼ਨਿੱਚਰਵਾਰ ਨੂੰ ਇੱਕ ਨਵਜੰਮੀ ਬੱਚੀ ਦੀ ਲਾਸ਼ ਮਿਲੀ। ਰਾਹਗੀਰਾਂ ਨੇ ਤੁਰੰਤ ਇਸਦੀ ਜਾਣਕਾਰੀ ਪੁਲੀਸ ਕੰਟਰੋਲ ਰੂਮ ’ਤੇ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲੀਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈਕ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਇਸ ਮਾਮਲੇ ’ਚ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਜਾਂਚ ਤੇਜ਼ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ’ਚ ਆਜ਼ਾਦੀ ਦਿਵਸ ਕਾਰਨ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਤੇ ਸੁਰੱਖਿਆ ਪ੍ਰਬੰਧ ਸਖ਼ਤ ਹੋਣ ਦਾ ਦਾਅਵਾ ਕਰ ਰਹੀ ਹੈ ਅਤੇ ਉਪਰੋਂ ਘੰਟਾ ਘਰ ਚੌਕ ’ਚ ਹੀ ਪੁਲੀਸ ਵੱਲੋਂ ਨਾਕਾ ਵੀ ਲਾਇਆ ਹੁੰਦਾ ਹੈ। ਇਸ ਦੇ ਬਾਵਜੂਦ ਕੋਈ ਬੱਚਾ ਸੁੱਟ ਕੇ ਫ਼ਰਾਰ ਹੋ ਗਿਆ। ਥਾਣਾ ਕੋਤਵਾਲੀ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨਿੱਚਰਵਾਰ ਦੀ ਸਵੇਰੇ ਸੂਚਨਾ ਮਿਲੀ, ਜਿੱਥੇ ਉਨ੍ਹਾਂ ਨੇ ਆਪਣੀ ਟੀਮ ਨਾਲ ਜਾ ਕੇ ਦੇਖਿਆ ਤਾਂ ਬੱਚੀ ਮ੍ਰਿਤਕ ਪਈ ਸੀ ਤੇ ਉਸਦੇ ਸਰੀਰ ’ਤੇ ਕੀੜੇ ਚੱਲ ਰਹੇ ਸਨ। ਜਿਸਨੂੰ ਤੁਰੰਤ ਸਿਵਲ ਹਸਪਤਾਲ ਮੁਰਦਾਘਰ ’ਚ ਰਖਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੱਚੀ ਨੂੰ ਕੌਣ ਸੁੱਟ ਕੇ ਗਿਆ ਹੈ, ਇਸਦਾ ਪਤਾ ਲਾਇਆ ਜਾ ਰਿਹਾ ਹੈ ਤੇ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਇਸ ਬੱਚੀ ਦੀ ਡਲਿਵਰੀ ਕਿਸ ਜਗ੍ਹਾ ਹੋਈ ਸੀ। ਪੁਲੀਸ ਨੇ ਅਣਪਛਾਤੀ ਔਰਤ ਦੇ ਖਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।