ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਮਈ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਸੈਂਕੜੇ ਕਾਰਾਂ ਸਮੇਤ ਦਿੱਲੀ ਵੱਲ ਰਵਾਨਾ ਹੋਏ। ਸ਼ੰਭੂ ਬਾਰਡਰ ’ਤੇ ਇਕੱਤਰ ਹੋਏ ਕਿਸਾਨਾਂ ਦੇ ਭਾਰੀ ਕਾਫ਼ਲੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਜੋ ਕਿ ਬੇਸਿੱਟਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 5 ਜੂਨ ਜਦੋਂ ਤੋਂ ਸਰਕਾਰ ਨੇ ਖੇਤੀ ਸੋਧ ਆਰਡੀਨੈਂਸ ਲਿਆਂਦੇ ਹਨ ਉਦੋਂ ਤੋਂ ਹੀ ਕਿਸਾਨ ਇਨ੍ਹਾਂ ਦਾ ਵਿਰੋਧ ਕਰਦੇ ਆ ਰਹੇ ਹਨ ਜਿਸ ਕਾਰਨ 2 ਮਹੀਨੇ ਪੰਜਾਬ ਦੇ ਕਿਸਾਨਾਂ ਨੇ ਰੇਲਾਂ ਰੋਕੀਆਂ, ਟੋਲ ਪਲਾਜ਼ੇ ਫ਼ਰੀ ਕੀਤੇ, ਰਿਲਾਇੰਸ ਪੰਪ ਬੰਦ ਕੀਤੇ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਅਣਗੋੋਲਿਆ ਕਰੀ ਰੱਖਿਆ। ਲੱਖੋਵਾਲ ਨੇ ਕਿਹਾ ਕਿ 26 ਨਵੰਬਰ 2020 ਤੋਂ ਪੰਜਾਬ, ਹਰਿਆਣਾ, ਯੂ.ਪੀ, ਰਾਜਸਥਾਨ ਅਤੇ ਸਾਰੇ ਦੇਸ਼ ਦੇ ਕਿਸਾਨਾਂ ਵੱਲੋਂ ਇਨ੍ਹਾਂ ਖੇਤੀ ਬਿੱਲਾਂ ਦੇ ਖਿਲਾਫ਼ ਦਿੱਲੀ ਦੇ ਬਾਰਡਰਾਂ ’ਤੇ ਪੱਕੇ ਮੋਰਚੇ ਲਗਾਏ ਹੋਏ ਹਨ ਪਰ ਕੇਂਦਰ ਸਰਕਾਰ ਨਾਲ ਕਈ ਗੇੜਾਂ ਦੀਆਂ ਮੀਟਿੰਗਾਂ ਤੇ 500 ਤੋਂ ਜ਼ਿਆਦਾ ਕਿਸਾਨਾਂ ਦੀਆਂ ਸ਼ਹਾਦਤਾਂ ਦੇ ਬਾਵਜੂਦ ਸਰਕਾਰ ਕਿਸਾਨਾਂ ਦੀ ਮੁੱਖ ਮੰਗ ਤਿੰਨੋਂ ਖੇਤੀ ਕਾਨੂੰਨ ਬਿੱਲ ਰੱਦ ਕਰਨਾ ਤੇ ਐੱਮ.ਐੱਸ.ਪੀ ਤੇ ਗਰੰਟੀ ਬਿੱਲ ਬਣਾਉਣ ’ਤੇ ਟਾਲ ਮਟੋਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਦੇ ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਅਤੇ ਐੱਮ.ਐੱਸ.ਪੀ ਗਾਰੰਟੀ ਬਿੱਲ ਬਣਾਉਣ ਲਈ ਇੱਕਜੁੱਟ ਹੋ ਕੇ ਸੰਘਰਸ਼ ਕਰ ਰਿਹਾ ਹੈ ਜਿਸ ਤਹਿਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 10 ਮਈ ਨੂੰ 4-4 ਕਿਸਾਨ ਕਾਰਾਂ ’ਚ ਸਵਾਰ ਹੋ ਕੇ ਦਿੱਲੀ ਵੱਲ ਰਵਾਨਾ ਹੋਏ। ਲੱਖੋਵਾਲ ਨੇ ਕਿਹਾ ਕਿ ਭਾਵੇਂ ਸਾਨੂੰ 2024 ਦੀਆਂ ਚੋਣਾਂ ਤੱਕ ਹੀ ਕਿਉਂ ਨਾ ਸੰਘਰਸ਼ ਕਰਨਾ ਪਵੇ ਉਹ ਪਿੱਛੇ ਹਟਣ ਵਾਲੇ ਨਹੀਂ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਸ ਦਾ ਬੰਗਾਲ ਤੇ ਯੂ.ਪੀ ਦੀਆਂ ਪੰਚਾਇਤੀ ਚੋਣਾਂ ’ਚ ਹਾਲ ਹੋਇਆ ਹੈ ਉਸੇ ਤਰ੍ਹ ਾਂ ਆਉਣ ਵਾਲੇ ਸਮੇਂ ’ਚ ਸਾਰੇ ਦੇਸ਼ ਵਿਚੋਂ ਇਸ ਕਾਰਪੋਰੇਟ ਪੱਖੀ ਸਰਕਾਰ ਦਾ ਸਫ਼ਾਇਆ ਹੋ ਜਾਵੇਗਾ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਵਿਵਾਦਿਤ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਮੰਗਾਂ ਲਈ ਦਿੱਲੀ ਦੀਆਂ ਸਰਹੱਦਾਂ ਉੱਪਰ ਚੱਲ ਰਹੇ ਕਿਸਾਨੀ ਘੋਲ ਨੂੰ ਹੋਰ ਤੇਜ਼ ਕਰਨ ਲਈ ਹਾੜੀ ਦੀ ਫ਼ਸਲ ਦਾ ਕੰਮ ਨਬਿੇੜਨ ਉਪਰੰਤ ਕਿਸਾਨਾਂ ਦੇ ਜਥੇ ਸਿੱਘੂ ਬਾਰਡਰ ਲਈ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ। ਲੁਧਿਆਣਾ ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ ਟੋਲ ਪਲਾਜ਼ਾ ਤੋਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਬਲਾਕ ਪ੍ਰਧਾਨ ਰਣਬੀਰ ਸਿੰਘ, ਇਕਾਈ ਪ੍ਰਧਾਨ ਸਿਕੰਦਰ ਸਿੰਘ, ਮੀਤ ਪ੍ਰਧਾਨ ਮਨਦੀਪ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਜਸਮਿੰਦਰ ਸਿੰਘ ਅਤੇ ਅਜਾਇਬ ਸਿੰਘ ਦੀ ਅਗਵਾਈ ਵਿਚ ਜਥਾ ਸ਼ੰਭੂ ਬਾਰਡਰ ਲਈ ਰਵਾਨਾ ਹੋਇਆ। ਜਥੇਬੰਦੀ ਦੇ ਬਲਾਕ ਪ੍ਰਧਾਨ ਰਣਬੀਰ ਸਿੰਘ ਨੇ ਦੱਸਿਆ ਕਿ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਵੱਡਾ ਕਾਫ਼ਲਾ ਰਵਾਨਾ ਹੋਵੇਗਾ ਅਤੇ ਇਹ ਜਥਾ ਉਸ ਕਾਫ਼ਲੇ ਦਾ ਹਿੱਸਾ ਬਣੇਗਾ। ਉਨ੍ਹਾਂ ਕਿਹਾ ਕਿ ਟੌਲ ਪਲਾਜ਼ਾ ਉੱਪਰ ਵੀ ਪੱਕਾ ਮੋਰਚਾ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਦੀਆਂ ਕਰੋਨਾ ਮਹਾਮਾਰੀ ਦੀ ਆੜ ਹੇਠ ਕਿਸਾਨੀ ਘੋਲ ਨੂੰ ਖ਼ਤਮ ਕਰਾਉਣ ਦੀਆਂ ਵਿਉਂਤਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ।