ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 8 ਜੂਨ
ਮੁਕਤਸਰ-ਕੋਟਕਪੂਰਾ ਮੁੱਖ ਮਾਰਗ ਉਪਰ ਪਿੰਡ ਵੜਿੰਗ ਕੋਲ ਸਥਿਤ ਟੌਲ-ਪਲਾਜ਼ਾ ਉਪਰ ਕਿਸਾਨਾਂ ਵੱਲੋਂ ਲਾਇਆ ਧਰਨਾ 14ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ | ਕਿਸਾਨਾਂ ਵੱਲੋਂ ਪਹਿਲਾਂ ਪਲਾਜ਼ਾ ਪਰਚੀ ਮੁਕਤ ਕਰਕੇ ਆਵਾਜਾਈ ਬਹਾਲ ਰੱਖੀ ਸੀ ਜਦਕਿ ਹੁਣ ਉਨ੍ਹਾਂ ਆਵਾਜਾਈ ਵੀ ਬੰਦ ਕਰ ਦਿੱਤੀ ਹੈ, ਜਿਸ ਕਰਕੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੁੱਖ ਮੰਗ ਰਾਜਸਥਾਨ ਕੈਨਾਨ ਤੇ ਸਰਹੰਦ ਫੀਡਰ ਨਹਿਰ ਉਪਰ ਪੁਲ ਬਣਾਉਣ ਦੀ ਸੀ ਪਰ ਇਸ ਪਾਸੇ ਕੰਪਨੀ ਨੇ ਕੋਈ ਕਦਮ ਨਹੀਂ ਚੁੱਕਿਆ| ਇਸ ਤੋਂ ਬਿਨਾਂ ਕੰਪਨੀ ਵੱਲੋਂ ਜੋ ਸੜਕ ਦੀ ਮੁਰਮੰਤ ਕੀਤੀ ਗਈ ਹੈ ਉਹ ਇੰਨੀ ਮਾੜੀ ਹੈ ਲੁੱਕ ਵਾਲੀ ਬਜਰੀ ਹੱਥਾਂ ਨਾਲ ਹੀ ਭੁਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਅਸੀਂ ਧਰਨੇ ਤੋਂ ਨਹੀਂ ਉਠਣਾ| ਉਨ੍ਹਾਂ ਕਿਹਾ ਕਿ ਇਹ ਧਰਨਾ ਪਲਾਜ਼ਾ ਦੀ ਮੈਨੇਜਮੈਂਟ ਖਿਲਾਫ ਅਣਮਿਥੇ ਸਮੇਂ ਲਈ ਹੈ |