ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਦਸੰਬਰ
ਲੁਧਿਆਣਾ ਕਚਿਹਰੀ ਦੇ ਪਖਾਨੇ ’ਚ ਧਮਾਕਾ ਹੋਣ ਤੋਂ ਚਾਰ ਦਿਨ ਬਾਅਦ ਇੱਕ ਵਾਰ ਫਿਰ ਕਚਿਹਰੀ ਕੰਪਲੈਕਸ ਦੀ ਸੁਰੱਖਿਆ ਰੱਬ ਆਸਰੇ ਹੈ। ਕੋਈ ਵੀ ਵਿਅਕਤੀ ਪਹਿਲਾਂ ਦੀ ਤਰ੍ਹਾਂ ਕਿਵੇਂ ਵੀ ਡੀਸੀ ਦਫ਼ਤਰ ਦੇ ਨਾਲ-ਨਾਲ ਕਚਹਿਰੀ ਕੰਪਲੈਕਸ ’ਚ ਬਿਨਾਂ ਚੈਕਿੰਗ ਦੇ ਹੀ ਜਾ ਸਕਦਾ ਹੈ। ਪਹਿਲਾਂ 2 ਦਿਨ ਪੁਲੀਸ ਵੱਲੋਂ ਕਾਫ਼ੀ ਸਖ਼ਤੀ ਕੀਤੀ ਗਈ ਸੀ। ਜਿਸ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸੁਰੱਖਿਆ ਇਸੇ ਤਰ੍ਹਾਂ ਹੀ ਰਹੇਗੀ। ਅਦਾਲਤ ਵਿੱਚ ਇਸ ਸਮੇਂ ਛੁੱਟੀਆਂ ਚੱਲ ਰਹੀਆਂ ਹਨ ਤੇ ਆਮ ਲੋਕਾਂ ਦੇ ਨਾਲ-ਨਾਲ ਵਕੀਲਾਂ ਦਾ ਆਉਣਾ-ਜਾਣਾ ਵੀ ਕਾਫ਼ੀ ਘੱਟ ਹੈ। ਜਿਸ ਕਾਰਨ ਪੁਲੀਸ ਕਾਫ਼ੀ ਢਿੱਲੀ ਪੈ ਗਈ ਹੈ। ਹਾਲਾਂਕਿ ਪੁਲੀਸ ਕਮਿਸ਼ਨਰ ਦਫ਼ਤਰ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਹੈ। ਜਿਵੇਂ ਪਹਿਲੇ ਦਿਨ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਸਨ, ਉਵੇਂ ਹੀ ਸੁਰੱਖਿਆ ਕਮਾਂਡ ਪੁਲੀਸ ਮੁਲਾਜ਼ਮਾਂ ਨੇ ਸੰਭਾਲੀ ਹੋਈ ਹੈ।
ਅਦਾਲਤ ’ਚ ਬੰਦ ਧਮਾਕਾ ਹੋਣ ਤੋਂ ਤੁਰੰਤ ਬਾਅਦ ਅਦਾਲਤੀ ਕੰਪਲੈਕਸ ਤੇ ਬਾਹਰ ਪਾਰਕਿੰਗ ਇਲਾਕੇ ਦੇ ਨਾਲ ਨਾਲ ਬਾਕੀ ਥਾਂਵਾਂ ’ਤੇ ਜਗ੍ਹਾ ਖਾਲੀ ਕਰਵਾ ਦਿੱਤੀ ਗਈ ਸੀ। ਅਗਲੇ ਦਿਨ ਕਰੀਬ ਸਾਢੇ 8 ਵਜੇ ਮੁੱਖ ਗੇਟ ਨੂੰ ਵੀ ਇੱਕ ਪਾਸਿਓਂ ਬੰਦ ਕਰ ਦਿੱਤਾ ਗਿਆ ਸੀ। ਦੂਸਰਾ ਗੇਟ ਖੁੱਲ੍ਹਾ ਸੀ, ਪਰ ਕਿਸੇ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ। ਇਸ ਤੋਂ ਇਲਾਵਾ ਮੁੱਖ ਗੇਟ ’ਤੇ ਹੀ ਮੈਟਲ ਡਿਟੈਕਟਰ ਲਾਏ ਗਏ ਸਨ ਤਾਂ ਕਿ ਕੋਈ ਵੀ ਬਿਨਾਂ ਮੈਟਲ ਡਿਟੈਕਟਰ ’ਚੋਂ ਲੰਘੇ ਅੰਦਰ ਨਾ ਆ ਸਕੇ। ਇਸ ਤੋਂ ਇਲਾਵਾ ਡੀਸੀ ਦਫ਼ਤਰ ਦੇ ਬਾਹਰ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਦੋ ਤਿੰਨ ਦਿਨ ਲਗਾਤਾਰ ਪੁਲੀਸ ਅਧਿਕਾਰੀ ਅਤੇ ਜਾਂਚ ਏਜੰਸੀਆਂ ਉੱਥੇ ਆਉਂਦੀਆਂ ਰਹੀਆਂ ਤੇ ਸੁਰੱਖਿਆ ਪੂਰੀ ਤਰ੍ਹਾਂ ਸਖ਼ਤ ਰਹੀ। ਕਿਸੇ ਵੀ ਬਾਹਰੀ ਵਿਅਕਤੀ ਨੂੰ ਆਉਣ-ਜਾਣ ਨਹੀਂ ਦਿੱਤਾ ਗਿਆ। ਸੋਮਵਾਰ ਨੂੰ ਨਾ ਤਾਂ ਮੁੱਖ ਗੇਟ ’ਤੇ ਸੁਰੱਖਿਆ ਸੀ ਤੇ ਨਾ ਹੀ ਮੈਟਲ ਡਿਟੈਕਟਰ। ਡੀਸੀ ਦਫ਼ਤਰ ਦੇ ਬਾਹਰ ਮੈਟਲ ਡਿਟੈਕਟਰ ਸੀ, ਪਰ ਚੈਕਿੰਗ ਨਹੀਂ ਸੀ। ਇਸੇ ਤਰ੍ਹਾਂ ਕਚਿਹਰੀ ਕੰਪਲੈਕਸ ’ਚ ਕੋਈ ਵੀ ਵਿਅਕਤੀ ਆਰਾਮ ਨਾਲ ਆ ਸਕਦਾ ਸੀ। ਪੁਲੀਸ ਕਿਸੇ ਨੂੰ ਵੀ ਨਹੀਂ ਰੋਕ ਰਹੀ ਸੀ। ਜਦੋਂ ਕਿ ਜਿੱਥੇ ਧਮਾਕਾ ਹੋਇਆ, ਉੱਥੇ ਪੁਲੀਸ ਮੁਲਾਜ਼ਮ ਤਾਇਨਾਤ ਸਨ ਤੇ ਕਿਸੇ ਨੂੰ ਵੀ ਉੱਥੇ ਜਾਣ ਦੀ ਆਗਿਆ ਨਹੀਂ ਸੀ।