ਪੱਤਰ ਪ੍ਰੇਰਕ
ਚੰਡੀਗੜ੍ਹ, 14 ਅਪਰੈਲ
ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਐਂਡ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਸੱਦੇ ’ਤੇ ਇਲੈਕਟ੍ਰੀਕਲ ਵਰਕਮੈਨ ਯੂਨੀਅਨ ਨੇ ਸੈਕਟਰ-24 ਵਿਚ ਜੈੱਮ ਪੋਰਟਲ ਦੇ ਵਿਰੋਧ ਵਿੱਚ ਗੇਟ ਰੈਲੀ ਕੀਤੀ। ਇਸ ਵਿੱਚ ਸ਼ਾਮਿਲ ਬਿਜਲੀ ਕਾਮਿਆਂ ਵੱਲੋਂ ਯੂ.ਟੀ. ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ, ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦੇ ਪ੍ਰਧਾਨ ਕਿਸ਼ੋਰੀ ਲਾਲ, ਚੇਅਰਮੈਨ ਵਰਿੰਦਰ ਬਿਸ਼ਟ ਅਤੇ ਉੱਪ ਪ੍ਰਧਾਨ ਜਸਪਾਲ ਸ਼ਰਮਾ ਨੇ ਪੋਰਟਲ ਕੰਪਨੀ ਦੇ ਠੇਕੇਦਾਰਾਂ ਦੀ ਧੱਕੇਸ਼ਾਹੀ ਤੇ ਉਨ੍ਹਾਂ ਦੇ ਆਊਟਸੋਰਸਿੰਗ ਵਰਕਰਾਂ ਦੀ ਲੁੱਟ ਕਰਨ ਦੀ ਛੂਟ ਦੀ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਨਾ ਕੱਢਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਯੂਨੀਅਨ ਆਗੂ ਸੁਖਵਿੰਦਰ ਸਿੰਘ, ਦਵਿੰਦਰ ਕੁਮਾਰ ਅਤੇ ਬਲਵਿੰਦਰ ਸਿੰਘ ਨੇ ਯੂਟੀ ਪ੍ਰਸ਼ਾਸਨ ਨੂੰ ਮੰਗਾਂ ਹੱਲ ਨਾ ਹੋਣ ’ਤੇ 17 ਅਪਰੈਲ ਨੂੰ ਰੈਲੀ ਦਾ ਐਲਾਨ ਕੀਤਾ। ਉਨ੍ਹਾਂ ਨੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਸਕੱਤਰ ਇੰਜਨੀਅਰਿੰਗ ਦੇ ਦਖ਼ਲ ਦੀ ਵੀ ਮੰਗ ਕੀਤੀ ਹੈ।