ਮਨ ਪਸੀਜ ਗਿਆ
10 ਮਈ ਨੂੰ ਅਸ਼ਵਨੀ ਕੁਮਾਰ ਦਾ ਲੇਖ ‘ਆਤਮਾ ਦੇ ਬੋਝ ਦਾ ਨਿਸਤਾਰਾ’ ਪੜ੍ਹ ਕੇ ਮਨ ਪਸੀਜ ਗਿਆ। ਸਾਡੀਆਂ ਸਿਹਤ ਸੰਸਥਾਵਾਂ ਦੇ ਕੱਚ-ਸੱਚ ਤੋਂ ਲੋਕ ਪਹਿਲਾਂ ਹੀ ਜਾਣੂ ਹਨ ਪਰ ਹੁਣ ਪਾਰਲੀਮੈਂਟ, ਚੋਣ ਕਮਿਸ਼ਨ ਤੇ ਨਿਆਂ ਪ੍ਰਣਾਲੀ ਉੱਤੇ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਹੱਕਾਂ ਦੀ ਰਾਖੀ ਕਰਨਾ ਅਦਾਲਤਾਂ ਦਾ ਮੂਲ ਕਾਰਜ ਹੈ ਪਰ ਹੁਣ ਲੋਕ ਭਿਆਨਕ ਸਮੇਂ ਵਿਚੋਂ ਗੁਜ਼ਰ ਰਹੇ ਹਨ ਜਿੱਥੇ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਆਮ ਇਨਸਾਨ ਸੜਕਾਂ ’ਤੇ ਤੜਫ਼ ਕੇ ਮਰ ਰਿਹਾ ਹੈ। ਇਨ੍ਹਾਂ ਸਮਿਆਂ ਤੋਂ ਸਰਕਾਰਾਂ ਨੂੰ ਸਿੱਖਣ ਦੀ ਲੋੜ ਹੈ ਕਿ ਸਾਡਾ ਪਹਿਲਾ ਕਾਰਜ ਸਿੱਖਿਆ, ਸਿਹਤ ਅਤੇ ਮਾਨਵਤਾ ਦੀ ਸੇਵਾ ਹੋਵੇ।
ਸਰੋਜ ਰਾਣੀ, ਜਲੰਧਰ
ਸੰਕਟ ਅਤੇ ਸਕਾਰਾਤਮਕ ਸੋਚ
8 ਮਈ ਨੂੰ ਅਵਿਜੀਤ ਪਾਠਕ ਦੀ ਰਚਨਾ ‘ਕਰੋਨਾ ਸੰਕਟ: ਸਮਾਜਿਕ ਹਕੀਕਤਾਂ ਦੇ ਰੂ-ਬ-ਰੂ’ ਪੜ੍ਹੀ। ਲੇਖਕ ਨੇ ਮਹਾਮਾਰੀ ਦੌਰਾਨ ਤ੍ਰਾਸਦੀਆਂ ਅਤੇ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕੀਤਾ ਹੈ। ਮਾਨਵਤਾ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ ਪਰ ਅਜਿਹੇ ਸਮੇਂ ਸਬਕ ਲੈਣ ਦੀ ਲੋੜ ਹੁੰਦੀ ਹੈ। ਲੇਖਕ ਨੇ ਸਭ ਨੂੰ ਸਕਾਰਾਤਮਕ ਸੋਚ ਰੱਖਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ 6 ਮਈ ਨੂੰ ਨਜ਼ਰੀਆ ਪੰਨੇ ’ਤੇ ਅਵਤਾਰ ਸਿੰਘ ਸੰਧੂ ਦੀ ਰਚਨਾ ‘ਇਕਬਾਲ ਤੂੰ ਕਿੱਥੇ? ਪੜ੍ਹੀ। ਲੇਖਕ ਨੇ ਜਿੱਥੇ ਇਕਬਾਲ ਵਰਗੇ ਮਿਹਨਤੀ ਬੱਚੇ ਦੀ ਆਰਥਿਕ ਤੌਰ ’ਤੇ ਮਦਦ ਕਰ ਕੇ ਉਸ ਨੂੰ ਉਸ ਦੇ ਟੀਚੇ ਤਕ ਪਹੁੰਚਾ ਕੇ ਆਪਣਾ ਫਰਜ਼ ਅਦਾ ਕੀਤਾ, ਉੱਥੇ ਉਸ ਨੇ ਨੌਜਵਾਨ ਪੀੜ੍ਹੀ ਦਾ ਧਿਆਨ ਆਉਣ ਵਾਲੀਆਂ ਸਮੱਸਿਆਵਾਂ ਵੱਲ ਵੀ ਦਿਵਾਇਆ ਹੈ।
ਇੰਦਰਜੀਤ ਜਵੰਦਾ, ਪਿੰਡ ਜਵੰਦਾ (ਫਤਹਿਗੜ੍ਹ ਸਾਹਿਬ)
ਮਹਾਮਾਰੀ ਦੀ ਮਾਰ
7 ਅਪਰੈਲ ਦਾ ਸੰਪਾਦਕੀ ‘ਮਹਾਮਾਰੀ ਤੇ ਗ਼ਰੀਬੀ’ ਮੁਲਕ ਦੇ ਤਾਜ਼ਾ ਹਾਲਾਤ ਬਿਆਨ ਕਰਦਾ ਹੈ। ਕਰੋਨਾ ਨੇ ਅਰਥਚਾਰੇ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਪਿਛਲੇ ਸਾਲ ਜਦੋਂ ਤਾਲਾਬੰਦੀ ਕੀਤੀ ਗਈ ਤਾਂ ਸਨਅਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਬਹੁਤ ਮੁਸ਼ੱਕਤ ਨਾਲ ਗਿਣਵੇਂ-ਚੁਣਵੇਂ ਲੋਕਾਂ ਨੂੰ ਹੀ ਰੁਜ਼ਗਾਰ ਮਿਲਿਆ; ਨਾਲ ਹੀ ਲੱਖਾਂ ਲੋਕਾਂ ਦਾ ਰੁਜ਼ਗਾਰ ਖੁੱਸਿਆ। ਅੱਜ ਫਿਰ ਭਾਰਤ ਦੇ ਕੁਝ ਸੂਬਿਆਂ ਵਿਚ ਮੁਕੰਮਲ ਤਾਲਾਬੰਦੀ ਕਰ ਦਿੱਤੀ ਗਈ ਹੈ। ਬੇਰੁਜ਼ਗਾਰੀ ਵਧ ਰਹੀ ਹੈ। ਹਾਲਾਤ ਇਹ ਹੋ ਗਏ ਹਨ ਕਿ ਦਿਹਾੜੀਦਾਰ ਲਈ ਆਪਣੇ ਪਰਿਵਾਰ ਦਾ ਪੇਟ ਭਰਨਾ ਮੁਸ਼ਕਿਲ ਹੋ ਗਿਆ ਹੈ। ਸੰਕਟ ਦੇ ਇਸ ਸਮੇਂ ਵਿਚ ਹੁਣ ਕੇਂਦਰ ਸਰਕਾਰ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਅਜਿਹੀ ਨੀਤੀ ਉਲੀਕਣੀ ਚਾਹੀਦੀ ਹੈ ਜੋ ਆਮ ਜਨਤਾ ਨੂੰ ਇਸ ਮਹਾਮਾਰੀ ਦੌਰਾਨ ਕੁਝ ਰਾਹਤ ਦੇ ਸਕੇ।
ਸੰਜੀਵ ਸਿੰਘ ਸੈਣੀ, ਮੁਹਾਲੀ
ਆਪਣੇਪਣ ਦਾ ਅਹਿਸਾਸ
6 ਮਈ ਵਾਲਾ ਮਿਡਲ ‘ਇਕਬਾਲ ਤੂੰ ਕਿੱਥੇ?’ (ਲੇਖਕ ਅਵਤਾਰ ਸਿੰਘ ਸੰਧੂ) ਆਪਣੇਪਣ ਦਾ ਅਹਿਸਾਸ ਕਰਾਉਂਦਾ ਹੈ। ਕਈ ਵਾਰ ਲੋਕ ਮਦਦ ਕਰਦੇ ਹਨ ਅਤੇ ਉਨ੍ਹਾਂ ਨਾਲ ਅਜਿਹਾ ਰਿਸ਼ਤਾ ਬਣ ਜਾਂਦਾ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
(2)
ਅਵਤਾਰ ਸਿੰਘ ਸੰਧੂ ਦੀ ਰਚਨਾ ‘ਇਕਬਾਲ ਤੂੰ ਕਿੱਥੇ?’ ਪੜ੍ਹੀ। ਲੇਖਕ ਵਾਂਗ ਬਹੁਤ ਘੱਟ ਲੋਕ ਹਨ ਜੋ ਕਿਸੇ ਦੀ ਲੋੜ ਵੇਲੇ ਮਦਦ ਕਰਦੇ ਹਨ। ਲੇਖਕ ਦੀ ਮਦਦ ਨਾਲ ਉਸ ਦਾ ਪਾਤਰ ਇਕਬਾਲ ਕਾਬਲ ਇਨਸਾਨ ਤਾਂ ਬਣ ਗਿਆ ਪਰ ਇਸ ਦੇ ਬਾਵਜੂਦ ਉਸ ਨੂੰ ਸੁੱਖ ਤੇ ਸਕੂਨ ਨਹੀਂ ਮਿਲ ਸਕਿਆ। ਇਹ ਅਸਲ ਵਿਚ ਸਾਡੇ ਸਮਾਜ ਦੀ ਤ੍ਰਾਸਦੀ ਹੈ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)
ਖੇਤੀ ਕਾਨੂੰਨ ਅਤੇ ਮਜ਼ਦੂਰ
ਆਮ ਤੌਰ ’ਤੇ ਨਵੇਂ ਖੇਤੀ ਕਾਨੂੰਨਾਂ ਦਾ ਦੇਸ਼ ਦੇ ਕਿਸਾਨਾਂ ਉੱਪਰ ਮਾੜਾ ਪ੍ਰਭਾਵ ਦੱਸਿਆ ਗਿਆ ਹੈ ਪਰ ਡਾ. ਸੁਖਪਾਲ ਸਿੰਘ ਨੇ 3 ਮਈ ਦੇ ਲੇਖ ਦੁਆਰਾ ਉਨ੍ਹਾਂ ਸਾਰੇ ਤੱਥਾਂ ਨੂੰ ਉਜਾਗਰ ਕੀਤਾ ਹੈ ਜਿਸ ਰਾਹੀਂ ਨਵੇਂ ਖੇਤੀ ਕਾਨੂੰਨਾਂ ਦਾ ਦੇਸ਼ ਦੇ ਹਰ ਵਰਗ ਦੇ ਲੋਕਾਂ ਅਤੇ ਸਮੁੱਚੇ ਅਰਥਚਾਰੇ ਉੱਪਰ ਮਾੜਾ ਅਸਰ ਪਵੇਗਾ। ਮਜ਼ਦੂਰ ਵਰਗ ਬਹੁਤ ਮੁਸ਼ਕਿਲ ਨਾਲ ਆਪਣਾ ਢਿੱਡ ਭਰਦਾ ਹੈ ਜੋ ਇਨ੍ਹਾਂ ਕਾਨੂੰਨਾਂ ਨਾਲ ਹੋਰ ਮੁਸ਼ਕਿਲ ਹੋ ਜਾਵੇਗਾ। ਇਸ ਕਰ ਕੇ ਸਾਰੇ ਕਿਸਾਨ, ਮੁਲਾਜ਼ਮਾਂ, ਛੋਟੇ ਕਾਰੋਬਾਰੀਆਂ ਅਤੇ ਹਰ ਖ਼ਪਤਕਾਰ ਨੂੰ ਕਿਸਾਨੀ ਸੰਘਰਸ਼ ਵਿਚ ਭਰਵੀਂ ਸ਼ਮੂਲੀਅਤ ਕਰਨੀ ਚਾਹੀਦੀ ਹੈ।
ਰੇਣੂਕਾ ਰਾਣੀ, ਲੁਧਿਆਣਾ
(2)
ਡਾ. ਸੁਖਪਾਲ ਸਿੰਘ ਦਾ ਲੇਖ ‘ਨਵੇਂ ਖੇਤੀ ਕਾਨੂੰਨ: ਮਜ਼ਦੂਰ ਵਰਗ ’ਤੇ ਸੰਭਾਵੀ ਅਸਰ’ ਤਿੰਨ ਖੇਤੀ ਕਾਨੂੰਨਾਂ ਦੀ ਸਮਝ ਆਉਣ ਯੋਗ ਵਿਆਖਿਆ ਕਰਦਾ ਹੈ। ਕਾਰਪੋਰੇਟ ਘਰਾਣਿਆਂ ਦੁਆਰਾ ਖੇਤੀ ਦੇ ਆਧੁਨਿਕ ਸੰਦ ਖੇਤ ਮਜ਼ਦੂਰਾਂ ਨੂੰ ਵਿਹਲਾ ਕਰ ਦੇਣਗੇ।
ਗੁਰਮੀਤ ਸੁਖਪੁਰ, ਈਮੇਲ
(3)
ਲੇਖ ਮੌਜੂਦਾ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਦੀ ਗੰਭੀਰ ਘੋਖ ਕਰਦਿਆਂ ਇਨ੍ਹਾਂ ਕਾਨੂੰਨਾਂ ਦੇ ਸਮਾਜ ਉੱਪਰ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਤਰਕ ਸੰਗਤ ਦ੍ਰਿਸ਼ਟੀ ਨਾਲ ਉਭਾਰਦਾ ਹੈ।
ਡਾ. ਗੁਰਦੀਪ ਸਿੰਘ ਸੰਧੂ, ਪਟਿਆਲਾ
ਦੋਸਤੀ ਦੀਆਂ ਤੰਦਾਂ
3 ਮਈ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਮੋਹਣ ਸਿੰਘ ਦਾ ਮਿਡਲ ‘ਭੁਲੇਖਾ’ ਪੜ੍ਹਿਆ। ਪੜ੍ਹ ਕੇ ਪੁਰਾਣੇ ਵਕਤਾਂ ਵਿਚ ਪਈਆਂ ਦੋਸਤੀਆਂ ਦੀਆਂ ਤੰਦਾਂ ਤੇ ਫਿਰ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕਰਦਿਆਂ ਲੇਖਕ ਨੇ ਆਪਣੇ ਵਿਚਾਰ ਬਾਖ਼ੂਬੀ ਪੇਸ਼ ਕੀਤੇ ਹਨ।
ਅਜੀਤ ਖੰਨਾ, ਈਮੇਲ
ਕਿਸਾਨ ਘੋਲ
5 ਮਈ ਦੇ ਅੰਕ ਵਿਚ ਰਿਪੁਦਮਨ ਸਿੰਘ ਰੂਪ ਦਾ ਲੇਖ ‘ਕਿਸਾਨ ਸੰਘਰਸ਼ ਦੀਆਂ ਜੜ੍ਹਾਂ ਡੂੰਘੀਆਂ ਲਹਿ ਗਈਆਂ’ ਪੜ੍ਹਿਆ। ਲੇਖਕ ਨੇ ਸਹੀ ਕਿਹਾ ਹੈ ਕਿ ਇਹ ਕਿਸਾਨ ਘੋਲ ਹੁਣ ਕੇਵਲ ਤਿੰਨ ਕਾਨੂੰਨ ਰੱਦ ਕਰਵਾਉਣ ਤਕ ਸੀਮਤ ਨਹੀਂ ਰਿਹਾ, ਹੁਣ ਇਹ ਘੋਲ ਕਾਰਪੋਰੇਟ ਘਰਾਣਿਆਂ ਤੋਂ ਵੀ ਅਗਾਂਹ ਸਾਮਰਾਜੀ ਸੰਸਥਾਵਾਂ ਡਬਲਿਊਟੀਓ, ਆਈਐੱਮਐੱਫ਼, ਸੰਸਾਰ ਬੈਂਕ ਖ਼ਿਲਾਫ਼ ਸੇਧਿਤ ਹੋ ਰਿਹਾ ਹੈ। ਹਕੂਮਤ ਨੂੰ ਇਹ ਭੁਲੇਖਾ ਹੈ ਕਿ ਸ਼ਾਇਦ ਘੋਲ ਲੰਮਾ ਹੋਣ ਨਾਲ ਕਿਸਾਨ ਹੰਭ ਕੇ ਚਲੇ ਜਾਣਗੇ ਪਰ ਕਿਸਾਨ ਘੋਲ ਜਿੰਨਾ ਲੰਮਾ ਹੋ ਰਿਹਾ ਹੈ, ਕਿਸਾਨਾਂ ਸਮੇਤ ਆਮ ਲੋਕ ਹੋਰ ਸੰਜੀਦਾ ਹੋ ਰਹੇ ਹਨ।
ਸੁਰਿੰਦਰ ਰਾਮ ਕੁੱਸਾ, ਕੁੱਸਾ (ਮੋਗਾ)
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd