ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 10 ਮਈ
ਸਬ-ਡਵੀਜ਼ਨ ਕੋਟਕਪੂਰਾ ’ਚ ਅਧੀਨ ਪੈਂਦੇ ਕਰੀਬ 34 ਪਿੰਡਾਂ ਤੇ ਸ਼ਹਿਰ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਸ਼ਹਿਰ ਦਾ ਸਿਵਲ ਹਸਪਤਾਲ ਕਰੋਨਾ ਮਹਾਮਾਰੀ ਨਾਲ ਪੀੜਤ ਵਿਅਕਤੀਆਂ ਦੇ ਇਲਾਜ ਕਰਨ ਲਈ ਸਹੂਲਤਾਂ ਤੋਂ ਵਾਂਝਾ ਹੈ।
ਸਿਹਤ ਸਹੂਲਤਾਂ ਦੀ ਜ਼ਮੀਨੀ ਹਕੀਕਤ ਜਾਨਣ ਲਈ ਜਦੋਂ ਪੱਤਰਕਾਰਾਂ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਤੇ ਦੇਖਿਆ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਸ ਹਸਪਤਾਲ ਨੂੰ 2 ਨਵੇਂ ਵੈਂਟੀਲੇਟਰ ਭੇਜੇ ਗਏ ਹਨ ਪ੍ਰੰਤੂ ਇਨ੍ਹਾਂ ਨੂੰ ਅਪਰੇਟ ਕਰਨ ਵਾਲਾ ਇਸ ਹਸਪਤਾਲ ’ਚ ਕੋਈ ਕਰਮਚਾਰੀ ਨਹੀਂ ਜਿਸ ਕਰਕੇ ਹੁਣ ਇਹ ਹਸਪਤਾਲ ਦੇ ਇਕ ਖੂੰਜੇ ਵਿੱਚ ਪਏ ਸਜਾਵਟ ਦੀ ਵਸਤੂ ਬਣੇ ਹੋਏ ਹਨ।
ਜਾਣਕਾਰੀ ਮੁਤਾਬਕ ਫ਼ਰੀਦਕੋਟ ਜ਼ਿਲ੍ਹੇ ਅੰਦਰ 1562 ਵਿਅਕਤੀ ਕਰੋਨਾ ਪਾਜ਼ੇਟਿਵ ਹਨ ਜਿਨ੍ਹਾਂ ਵਿੱਚ ਕੋਟਕਪੂਰਾ ਸ਼ਹਿਰ ਵਿੱਚ ਕਰੀਬ 500 ਮਰੀਜ਼ ਸ਼ਾਮਲ ਹਨ, ਜਿਨ੍ਹਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਜੇਕਰ ਇਨ੍ਹਾਂ ਵਿੱਚੋਂ ਕਿਸੇ ਨੂੰ ਗੰਭੀਰ ਸਮੱਸਿਆ ਕਾਰਨ ਸਿਵਲ ਹਸਪਤਾਲ ਕੋਟਕਪੂਰਾ ਲਿਆਂਦਾ ਜਾਂਦਾ ਹੈ ਤਾਂ ਉਸ ਨੂੰ ਇੱਥੇ ਇਲਾਜ ਨਾ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਰੈਫ਼ਰ ਕਰਨਾ ਪੈਂਦਾ ਹੈ ਤੇ ਇਲਾਜ ਵਿਚ ਦੇਰੀ ਹੋਣ ਕਰਕੇ ਕਈ ਵਾਰ ਮਰੀਜ਼ ਦੀ ਜਾਨ ਵੀ ਚਲੇ ਜਾਂਦੀ ਹੈ।
ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਵਿੰਦਰ ਗਾਂਧੀ ਨੇ ਦੱਸਿਆ ਕਿ ਇਸ ਹਸਪਤਾਲ ਕੋਲ 8 ਆਕਸੀਜਨ ਸਿਲੰਡਰ ਮੌਜੂਦ ਹਨ ਤੇ ਵੈਂਟੀਲੇਟਰ ਸਹੂਲਤ ਵੀ ਹੈ ਪ੍ਰੰਤੂ ਉਨ੍ਹਾਂ ਨੂੰ ਅਪਰੇਟ ਵਾਲਾ ਨਾ ਹੋਣ ਕਰਕੇ ਇਹ ਇਸਤੇਮਾਲ ਵਿੱਚ ਨਹੀਂ ਆ ਰਹੇ ਹਨ। ਉਂਜ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹਸਪਤਾਲ ਵਿੱਚ ਸਰਜਨ ਦੀ ਆਸਾਮੀ ਤੋਂ ਕਈ ਅਸਾਮੀਆਂ ਪਿਛਲੇ ਕਈ ਸਾਲ ਤੋਂ ਖਾਲੀ ਪਈਆਂ ਹਨ।