ਪਾਲ ਸਿੰਘ ਨੌਲੀ
ਜਲੰਧਰ, 14 ਅਗਸਤ
ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ (ਆਈਡੀਪੀ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਜੀ ਸੰਸਾਰ ਜੰਗ ਸਮੇਂ ਹੀਰੋ ਸੀਮਾ ਅਤੇ ਨਾਗਾਸਾਕੀ ਉੱਤੇ ਸੁੱਟੇ ਪ੍ਰਮਾਣੂ ਬੰਬਾਂ ਨਾਲ ਅਤੇ ਦੇਸ਼ ਦੀ ਵੰਡ ਵਿੱਚ ਮਾਰੇ ਗਏ ਲੱਖਾਂ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਵਜੋਂ ਚੇਤਨਾ ਮਾਰਚ ਦਾ ਕਾਫ਼ਲਾ ਅੱਜ ਦੁਪਹਿਰ ਸਮੇਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪਹੁੰਚਿਆ। ਇਥੇ ਪਹੁੰਚਣ ’ਤੇ ਕਾਫ਼ਲੇ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਹੇਠ ਲੋਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।
ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸਕੱਤਰ ਦਰਸ਼ਨ ਸਿੰਘ ਧਨੇਠਾ, ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ ਆਦਿ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਵੰਡ ਸਮੇਂ 10 ਲੱਖ ਲੋਕ ਮਾਰੇ ਗਏ, 40 ਲੱਖ ਜ਼ਖ਼ਮੀ ਹੋਏ ਅਤੇ ਲਗਪਗ ਢਾਈ ਕਰੋੜ ਲੋਕਾਂ ਨੂੰ ਹਿਜ਼ਰਤ ਕਰਨੀ ਪਈ ਸੀ। ਸੱਤਾ ਦੀ ਭੁੱਖ ਕਰਕੇ ਹੁਕਮਰਾਨਾਂ ਦੇ ਗਲਤ ਫੈਸਲਿਆਂ ਕਾਰਨ ਜਾਨਾਂ ਗੁਆ ਚੁੱਕੇ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ, ਜਿਸ ਤਰ੍ਹਾਂ ਦੀ ਸੰਵੇਦਨਸ਼ੀਲਤਾ ਦੀ ਲੋੜ ਹੈ। ਦੋਵੇਂ ਦੇਸ਼ ਅੱਜ ਇਸ ਲੋਕ ਮਾਰੂ ਗਲਤ ਫੈਸਲੇ ਦੀ ਗਲਤੀ ਮੰਨਣ ਲਈ ਤਿਆਰ ਨਹੀਂ।
ਇਸ ਮੌਕੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਵਿੱਖਰੀ ਵਿਰੋਧੀ ਧਿਰ ਅਤੇ ਕਾਰਪੋਰੇਟ ਏਜੰਡੇ ਤੋਂ ਵਖਰੇਵਾਂ ਨਾ ਹੋਣ ਕਰਕੇ ਕੇਂਦਰ ਦੀ ਮੋਦੀ ਸਰਕਾਰ ਆਪਣੀ ਮਨਮਾਨੀ ਕਰ ਰਹੀ ਹੈ। ਜੰਮੂ-ਕਸ਼ਮੀਰ ਦੀ ਧਾਰਾ 370 ਅਤੇ 35 ਏ ਤੋੜ ਕੇ ਦੋ ਸਾਲਾਂ ਤੋਂ ਬਾਅਦ ਕੇਂਦਰ ਜਸ਼ਨ ਮਨਾ ਰਿਹਾ ਹੈ। ਯੂਏਪੀਏ ਅਤੇ ਐੱਨਆਈਏ ਕਾਨੂੰਨਾਂ ਵਿੱਚ ਸੋਧ ਕਰਕੇ ਵੱਖਰੇ ਵਿਚਾਰਾਂ ਵਾਲੇ ਬੁੱਧੀਜੀਵੀ, ਪੱਤਰਕਾਰ, ਲੇਖਕ, ਕਵੀਆਂ ਸਮੇਤ ਅਨੇਕ ਲੋਕ ਦੇਸ਼ ਧਰੋਹੀ ਦੇ ਕੇਸਾਂ ਵਿੱਚ ਅੰਦਰ ਹਨ। ਜਮਹੂਰੀਅਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਨੇ ਸੂਬਿਆਂ ਦਾ ਟੈਕਸ ਲਗਾਉਣ ਅਤੇ ਹਟਾਉਣ ਦਾ ਹੱਕ ਵੀ ਖੋਹ ਰੱਖਿਆ ਹੈ।