ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 14 ਅਪਰੈਲ
ਅਨਾਜ ਮੰਡੀ ਸਰਹਿੰਦ ’ਚ ਬਾਰਦਾਨੇ ਦੀ ਘਾਟ ਕਾਰਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨਿਰਮਲ ਸਿੰਘ ਰਿਊਣਾ ਤੇ ‘ਆਪ’ ਦੇ ਸੀਨੀਅਰ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ ਦੀ ਅਗਵਾਈ ’ਚ ਕਿਸਾਨਾਂ ਤੇ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਸਰਹਿੰਦ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਮਾਰਕਫੈੱਡ ਅਤੇ ਪਨਸਪ ਕੋਲ ਬਾਰਦਾਨਾ ਨਹੀਂ ਜਿਸ ਕਾਰਨ ਖ਼ਰੀਦ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਗਾਏ ਕਿ ਕਰੋਨਾ ਮਹਾਮਾਰੀ ਦੇ ਬਾਵਜੂਦ ਮਾਸਕ, ਸੈਨੇਟਾਈਜ਼ਰ ਅਤੇ ਪੀਣ ਵਾਲੇ ਪਾਣੀ ਦੀ ਵੀ ਦਾਣਾ ਮੰਡੀਆਂ ‘ਚ ਘਾਟ ਹੈ। ਕਿਸਾਨ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ 3 ਦਿਨਾਂ ਤੋਂ ਮੰਡੀ ਵਿਚ ਬੈਠਾ ਹੈ ਪਰ ਹਾਲੇ ਤੱਕ ਉਸ ਦੀ ਫ਼ਸਲ ਨਹੀਂ ਵਿਕੀ। ਉਨ੍ਹਾਂ ਨੇ ਕਿਹਾ ਕਿ ਹੋਰ ਵੀ ਕਈ ਕਿਸਾਨ ਹਨ ਜੋ ਤਿੰਨ-ਤਿੰਨ ਦਿਨਾਂ ਤੋਂ ਮੰਡੀ ’ਚ ਬੈਠੇ ਹਨ ਪਰ ਕਣਕ ਦੀ ਖ਼ਰੀਦ ਨਹੀਂ ਹੋ ਰਹੀ।
ਬਾਰਦਾਨਾ ਮੁਹੱਈਆ ਕਰਵਾਇਆ ਜਾ ਚੁੱਕਾ ਹੈ: ਚੇਅਰਮੈਨ
ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ ਨੇ ਕਿਹਾ ਕਿ ਮਾਰਕਫੈੱਡ ਅਤੇ ਪਸਨਸਪ ਦੀ ਖ਼ਰੀਦ ਮੁਤਾਬਿਕ ਉਨ੍ਹਾਂ ਨੂੰ ਬਾਰਦਾਨਾ ਮੁਹੱਈਆ ਕਰਵਾਇਆ ਚੁੱਕਾ ਹੈ। ਅੱਗੋਂ ਅਜਿਹੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿਚ ਪੀਣ ਵਾਲੇ ਪਾਣੀ, ਸੈਨੇਟਾਈਜ਼ਰ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਮੰਡੀ ’ਚ ਸਥਿਤ ਦਫ਼ਤਰ ਵਿਚ ਉਨ੍ਹਾਂ ਨੂੰ ਮੁਸ਼ਕਿਲ ਦੱਸ ਸਕਦਾ ਹੈ।