ਲਖਵਿੰਦਰ ਸਿੰਘ
ਮਲੋਟ, 8 ਅਗਸਤ
ਤਹਿਸੀਲ ਕੰਪਲੈਕਸ ਵਿਚ ਖਿੱਤੇ ਦੇ ਸਮੂਹ ਪ੍ਰਾਪਰਟੀ ਡੀਲਰਾਂ ਵੱਲੋਂ ਪ੍ਰਾਪਰਟੀ ਸਬੰਧੀ ਨਿਯਮਾਂ ਦੇ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਵੀਨ ਮਦਾਨ, ਕੌਂਸਲਰ ਅਸ਼ੋਕ ਬਜਾਜ ਅਤੇ ਭਾਜਪਾ ਆਗੂ ਸੀਤਾ ਰਾਮ ਖਟਕ, ਡਾ. ਹੰਸ ਰਾਜ ਕੱਕੜ, ਗੁਰਮੀਤ ਸਿੰਘ ਤੇ ਗੁਲਸ਼ਨ ਕੁਮਾਰ ਖੁੰਗਰ ਹਾਜ਼ਰ ਸਨ।
ਮਾਨਸਾ (ਪੱਤਰ ਪ੍ਰੇਰਕ): ਇੱਥੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਵੱਲੋਂ ਪੰਜਾਬ ਸਰਕਾਰ ਦੀਆਂ ਨਵੀਂਆਂ ਨੀਤੀਆਂ ਦੇ ਵਿਰੋਧ ’ਚ ਧਰਨਾ ਲਾਇਆ ਗਿਆ। ਇਸ ਮੌਕੇ ਸੁਰਿੰਦਰ ਪੱਪੀ ਦਾਨੇਵਾਲੀਆ ਨੇ ਕਿਹਾ ਕਿ ਪਿਛਲੀਆਂ ਸਰਕਾਰ ਵਾਂਗ 20 ਹਜ਼ਾਰ ਦੇ ਅਸ਼ਟਾਮਾਂ ਸਬੰਧੀ ਅਧਿਕਾਰ ਅਸ਼ਟਾਮਫਰੋਸ਼ਾਂ ਨੂੰ ਦਿੱਤੇ ਜਾਣ।
ਗਿੱਦੜਬਾਹਾ (ਪੱਤਰ ਪ੍ਰੇਰਕ): ਪ੍ਰਾਪਰਟੀ ਡੀਲਰਾਂ ਤੇ ਅਰਜ਼ੀਨਵੀਸਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਐੱਸਡੀਐੱਮ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ। ਯੂਨੀਅਨ ਦੇ ਮੌਂਟੂ ਸ਼ਰਮਾ ਅਤੇ ਰਿੰਕੂ ਬਾਂਸਲ ਨੇ ਮੰਗ ਕੀਤੀ ਕਿ ਜ਼ਮੀਨ ਦੀ ਖਰੀਦੋ-ਫਰੋਖਤ ਸਮੇਂ ਐੱਨਓਸੀ ਦੀ ਵਰਤੋਂ ਬੰਦ ਕੀਤੀ ਜਾਵੇ ਜਾਂ ਐੱਨਓਸੀ ਲੈਣ ਦੇ ਨਿਯਮ ਸਰਲ ਕੀਤੇ ਜਾਣ ਤੇ ਕੁਲੈਕਟਰ ਰੇਟਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ।
ਅਬੋਹਰ (ਪੱਤਰ ਪ੍ਰੇਰਕ): ਇੱਥੇ ਕਲੋਨਾਈਜ਼ਰਾਂ, ਪ੍ਰਾਪਰਟੀ ਡੀਲਰਾਂ, ਅਸ਼ਟਾਮਫਰੋਸ਼ਾਂ ਤੇ ਵਸੀਕਾ ਨਵੀਸ ਨੇ ਧਰਨਾ ਦਿੱਤਾ। ਕਲੋਨਾਈਜ਼ਰ ਰਵੀ ਮੱਕੜ ਨੇ ਕਿਹਾ ਕਿ ਪ੍ਰਾਪਰਟੀ ਦਾ ਕਾਰੋਬਾਰ ਠੱਪ ਹੋ ਗਿਆ ਹੈ। ਕਲੋਨਾਈਜ਼ਰ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਦੀ ਅਗਵਾਈ ਹੇਠ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਚਾਰ ਮਹੀਨਿਆਂ ਦੌਰਾਨ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ।
ਸਰਦੂਲਗੜ੍ਹ (ਪੱਤਰ ਪ੍ਰੇਰਕ): ਇੱਥੇ ਪ੍ਰਾਪਰਟੀ ਡੀਲਰਾਂ, ਵਸੀਕਾ ਨਵੀਸਾਂ ਤੇ ਅਸ਼ਟਾਮਫਰੋਸ਼ਾਂ ਵੱਲੋਂ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਧਰਨੇ ਨੂੰ ਸ਼ਗਨ ਲਾਲ ਅਰੋੜਾ, ਵਿਨੋਦ ਕੁਮਾਰ ਜੈਨ, ਪ੍ਰੇਮ ਕੁਮਾਰ ਤੇ ਸ਼ਿਵਤਾਜ ਸ਼ਰਮਾ ਨੇ ਸੰਬੋਧਨ ਕੀਤਾ।
ਪ੍ਰਾਪਰਟੀ ਡੀਲਰਾਂ ਵੱਲੋਂ ਕੁਲੈਕਟਰ ਰੇਟ ਘਟਾਉਣ ਦੀ ਮੰਗ
ਜੈਤੋ: ਤਹਿਸੀਲ ਜੈਤੋ ਦੇ ਪ੍ਰਾਪਰਟੀ ਡੀਲਰਾਂ ਅਤੇ ਕਲੋਨਾਈਜਰਾਂ ਨੇ ਜੈਤੋ ਦੇ ਨਾਇਬ ਤਹਿਸੀਲਦਾਰ ਰਣਜੀਤ ਕੌਰ ਨੂੰ ਮੰਗ ਪੱਤਰ ਸੌਂਪ ਕੇ ਪੰਜਾਬ ਸਰਕਾਰ ਵੱਲੋਂ ਵਧਾਏ ਗਏ ਕੁਲੈਕਟਰ ਰੇਟ ਘੱਟ ਕਰਨ ਦੀ ਮੰਗ ਕੀਤੀ। ਡੀਲਰਾਂ ਨੇ ਮੰਗ ਕੀਤੀ ਕਿ ਇੱਕ ਕਨਾਲ ਤੋਂ ਘੱਟ ਰਕਬੇ ਦੀਆ ਰਜਿਸਟਰੀਆਂ ਬਿਨਾਂ ਐੱਨਓਸੀ ਤੋਂ ਕੀਤੀਆਂ ਜਾਣ ਅਤੇ ਜਿਨ੍ਹਾਂ ਕਲੋਨੀਆਂ ’ਤੇ ਰੋਕ ਲਾਈ ਗਈ ਹੈ, ਉਨ੍ਹਾਂ ਦੀ ਲਿਸਟ ਜਾਰੀ ਕੀਤੀ ਜਾਵੇ। ਉਨ੍ਹਾਂ ਨਗਰ ਕੌਂਸਲ ਦੇ ਟੀਐਸ-1 ਦੀ ਮਦ ਵਾਲੀਆਂ ਜ਼ਮੀਨਾਂ ਦੀ ਰਜਿਸਟਰੀ ਚਾਲੂ ਕਰਨ ਦੀ ਵੀ ਮੰਗ ਕੀਤੀ। -ਪੱਤਰ ਪ੍ਰੇਰਕ