ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜਨਵਰੀ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਡੀਐੱਮਸੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹੁਣ ਉਹ ਘਰ ਵਿੱਚ ਹੀ ਕੁਝ ਦਿਨ ਇਕਾਂਤਵਾਸ ਰਹਿਣਗੇ। ਸਾਬਕਾ ਮੁੱਖ ਮੰਤਰੀ ਦਾ ਇਲਾਜ ਕਰਨ ਵਾਲੇ ਡਾ. ਬਿਸ਼ਵ ਮੋਹਨ ਨੇ ਦੱਸਿਆ ਕਿ ਹੁਣ ਸ੍ਰੀ ਬਾਦਲ ਦੀ ਹਾਲਤ ’ਚ ਸੁਧਾਰ ਸੀ। ਇਸ ਕਰਕੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਵਿੱਚ ਓਮੀਕਰੋਨ ਦੇ ਸ਼ੁਰੂਆਤੀ ਲੱਛਣ ਵੀ ਮਿਲੇ ਸਨ, ਜਿਨ੍ਹਾਂ ਦੀ ਰਿਪੋਰਟ ਟੈਸਟ ਲਈ ਭੇਜੀ ਹੋਈ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬਾਦਲ ਨੂੰ 19 ਜਨਵਰੀ ਨੂੰ ਡੀਐੱਮਸੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਬੁਖਾਰ, ਖੰਘ ਤੇ ਜ਼ੁਕਾਮ ਸੀ। ਡਾਕਟਰਾਂ ਨੇ ਤੁਰੰਤ ਉਨ੍ਹਾਂ ਦਾ ਕਰੋਨਾ ਟੈਸਟ ਕੀਤਾ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਦੂਸਰੇ ਦਿਨ ਪ੍ਰਕਾਸ਼ ਸਿੰਘ ਬਾਦਲ ਦਾ ਬੁਖਾਰ ਉਤਰ ਗਿਆ ਸੀ ਤੇ ਲਗਾਤਾਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦਰਜ ਕੀਤਾ ਗਿਆ। ਬੀਤੇ ਦਿਨੀਂ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਵੀਡੀਓ ਵੀ ਜਾਰੀ ਕੀਤਾ ਸੀ। ਅੱਜ ਦੇਰ ਸ਼ਾਮ ਉਨ੍ਹਾਂ ਦੀ ਤਬੀਅਤ ਵਿੱਚ ਸੁਧਾਰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਹੈ।