ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 10 ਮਈ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਬ੍ਰਾਂਚ ਜਲਾਲਬਾਦ ਨੇ ਕੋਵਿਡ ਨੇਮਾਂ ਦੀ ਪਾਲਣਾ ਕਰਦਿਆਂ ਅੱਜ ਪਿੰਡ ਆਲਮਕੇ ਵਿੱਚ ਪੇਂਡੂ ਵਾਟਰ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਦੇ ਨਾਂ ਹੇਠ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਵਿਰੁੱਧ ਜਲ ਸਪਲਾਈ ਵਿਭਾਗ ਦੇ ਐਕਸੀਅਨ ਦਾ ਪੁਤਲਾ ਫੁੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਚੱਕ ਜਾਨੀਸਰ, ਬ੍ਰਾਂਚ ਪ੍ਰਧਾਨ ਗੁਰਮੀਤ ਆਲਮਕੇ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਦਾ ਖੁਦ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਉਥੇ ਹੀ ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਅਤੇ ਅਫਸਰਸ਼ਾਹੀ ਵਿਭਾਗ ਦਾ ਨਿੱਜੀਕਰਨ ਕਰਨ ਦੀਆਂ ਨੀਤੀਆਂ ਲਾਗੂ ਕਰਨ ਸਬੰਧੀ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਤਰ੍ਹਾਂ ਹੀ ਫਾਜ਼ਿਲਕਾ ਜ਼ਿਲ੍ਹੇ ਦੇ ਐਕਸੀਅਨ ਵਲੋਂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਕਰਨ ਦੇ ਨਾਂ ਹੇਠ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਐਕਸੀਅਨ ਦਾ ਪੁਤਲਾ ਫੂਕ ਕੇ ਅਫਸਰਸ਼ਾਹੀ ਦਾ ਵਿਰੋਧ ਕੀਤਾ ਗਿਆ ਹੈ। ਆਲਮਕੇ ਦੇ ਸਰਪੰਚ ਨੇ ਕਿਹਾ ਕਿ ਪੰਚਾਇਤ ਆਪਣੇ ਪਿੰਡ ਦੀ ਵਾਟਰ ਸਪਲਾਈ ਸਕੀਮ ਕਿਸੇ ਵੀ ਕਿਮਤ ’ਤੇ ਨਹੀਂ ਲਵੇਗੀ।