ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ) ਜੀਆਰਪੀ ਨੇ ਰੇਲਵੇ ਯਾਤਰੂਆਂ ਦੇ ਸਮਾਨ ਦੀ ਲੁੱਟ ਖੋਹ ਅਤੇ ਚੋਰੀ ਕਰਨ ਵਾਲੇ ਇਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਇਕ ਖਿਡੌਣਾ ਪਿਸਤੌਲ, ਇਕ ਕਮਾਨੀਦਾਰ ਚਾਕੂ ਆਦਿ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਪੁੱਛਗਿਛ ਦੌਰਾਨ ਚਾਰ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ। ਇਸ ਸਬੰਧ ’ਚ ਤਿੰਨਾਂ ਖ਼ਿਲਾਫ਼ ਜੀਆਰਪੀ ਥਾਣੇ ’ਚ ਧਾਰਾ 401 ਤੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਪ੍ਰਦੀਪ, ਸ਼ਿਵਮ ਕੁਮਾਰ ਉਰਫ ਛੋਟੂ ਤੇ ਮੋਹਿਤ ਕੁਮਾਰ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਇਕ ਹਿਮਾਚਲ ਤੇ ਦੂਜਾ ਬਿਹਾਰ ਵਾਸੀ ਹੈ ਪਰ ਇਹ ਇਸ ਵੇਲੇ ਇਥੇ ਅੰਮ੍ਰਿਤਸਰ ਵਿੱਚ ਹੀ ਰਹਿ ਰਹੇ ਹਨ। ਜੀਆਰਪੀ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਤੇ ਏਐੱਸਆਈ ਪਾਲ ਕੁਮਾਰ ਸਮੇਤ ਪੁਲੀਸ ਟੀਮ ਨੇ ਇਨ੍ਹਾਂ ਵਿਅਕਤੀਆਂ ਨੂੰ ਭੰਡਾਰੀ ਪੁਲ ਹੇਠੋਂ ਰੇਲਵੇ ਲਾਈਨ ਕੋਲੋਂ ਕਾਬੂ ਕੀਤਾ ਹੈ ਤੇ ਮੌਕੇ ’ਤੇ ਹੀ ਇਨ੍ਹਾਂ ਕੋਲੋਂ ਇਕ ਖਿਡੌਣਾ ਪਿਸਤੌਲ ਤੇ ਕਮਾਨੀਦਾਰ ਚਾਕੂ ਮਿਲਿਆ ਹੈ। ਜੀਆਰਪੀ ਵਲੋਂ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ।