ਆਤਿਸ਼ ਗੁਪਤਾ
ਚੰਡੀਗੜ੍ਹ, 10 ਮਈ
ਸ਼ਹਿਰ ਵਿੱਚ ਲਗਾਤਾਰ ਵਧ ਰਹੇ ਕਰੋਨਾ ਦੇ ਕੇਸਾਂ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਲਗਾਈਆਂ ਪਾਬੰਦੀਆਂ ਨੂੰ 18 ਮਈ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ। ਜਦਕਿ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਹੇਠ ਹੋਈ ਕਰੋਨਾ ਪ੍ਰਬੰਧਾਂ ਦੀ ਸਮੀਖਿਆ ਬੈਠਕ ਦੌਰਾਨ ਲਿਆ ਗਿਆ। ਸ਼ਹਿਰ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। ਇਹ ਆਦੇਸ਼ 11 ਮਈ ਸਵੇਰੇ 5 ਵਜੇ ਤੋਂ 18 ਮਈ ਸਵੇਰੇ 5 ਵਜੇ ਤੱਕ ਜਾਰੀ ਰਹਿਣਗੇ। ਪ੍ਰਸ਼ਾਸਕ ਨੇ ਦੱਸਿਆ ਕਿ ਹਫ਼ਤਾਵਰੀ ਲੌਕਡਾਊਨ ਜਾਰੀ ਰਹੇਗਾ। ਪ੍ਰਸ਼ਾਸਕ ਨੇ ਦੱਸਿਆ ਕਿ ਸ਼ਹਿਰ ਵਿੱਚ ਆਵਾਜਾਈ ਜਾਰੀ ਰਹੇਗੀ। ਪਰ ਭੀੜ ਵਾਲੀਆਂ ਥਾਵਾਂ ਬੰਦ ਰਹਿਣਗੀਆਂ ਜਿਨ੍ਹਾਂ ਵਿੱਚ ਸੁਖਨਾ ਝੀਲ, ਮਿਊਜ਼ੀਅਮ, ਲਾਈਬ੍ਰੇਰੀ, ਰੌਕ ਗਾਰਡਨ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਪਾਰਕ ਵਿੱਚ ਵੀ ਸਵੇਰੇ 6 ਵਜੇ ਤੋਂ 9 ਵਜੇ ਤੱਕ ਸੈਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਸ੍ਰੀ ਬਦਨੌਰ ਨੇ ਦੱਸਿਆ ਕਿ ਵਿਆਹ ਸਮਾਗਮ ਵਿੱਚ 20 ਜਣੇ ਅਤੇ ਸਸਕਾਰ ਵਿੱਚ 10 ਜਣਿਆਂ ਨੂੰ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ। ਜਦਕਿ ਇਸ ਤੋਂ ਇਲਾਵਾ ਕਿਸੇ ਕਿਸਮ ਦੀ ਕੋਈ ਪ੍ਰਵਾਨਗੀ ਦੀ ਲੋੜ ਨਹੀਂ ਹੈ।
ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਹਦਾਇਤ ਕੀਤੀ ਸੀ ਕਿ ਸ਼ਹਿਰ ਵਿਚਲੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਅਤੇ ਬੈਂਕਾਂ ਵਿੱਚ 50 ਫ਼ੀਸਦ ਸਟਾਫ਼ ਹਾਜ਼ਰ ਰਹੇਗਾ ਜਦਕਿ ਨਿੱਜੀ ਦਫ਼ਤਰਾਂ ਨੂੰ ਜ਼ਿਆਦਾਤਰ ਮੁਲਾਜ਼ਮਾਂ ਨੂੰ ਘਰ ਤੋਂ ਹੀ ਕੰਮ ਕਰਵਾਉਣ ਦੀਆਂ ਹਦਾਇਤਾਂ ਸਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਚੱਲਣ ਵਾਲੀ ਜਨਤਕ ਟਰਾਂਸਪੋਰਟ ਵੀ 50 ਫ਼ੀਸਦ ਸਵਾਰੀਆਂ ਨਾਲ ਚਲਾਈ ਜਾਵੇਗੀ। ਸਿਹਤ ਸੇਵਾਵਾਂ, ਨਰਸਿੰਗ ਹੋਮਸ, ਹਸਪਤਾਲ ਮੁਲਾਜ਼ਮਾਂ ਅਤੇ ਲੈਬਾਰਟਰੀ ਦੀਆਂ ਸੇਵਾਵਾਂ ਆਮ ਦਿਨਾਂ ਵਾਂਗ ਜਾਰੀ ਰਹਿਣਗੀਆਂ। ਸਿਨੇਮਾ ਹਾਲ, ਜਿਮ, ਸਪਾ, ਬਾਰ, ਸਵੀਮਿੰਗ ਪੂਲ, ਕੋਚਿੰਗ ਸੇਂਟਰ, ਸਪੋਰਟਸ ਕੰਪਲੈਕਸ ਵੀ ਬੰਦ ਕੀਤੇ ਹਨ। ਰੈਸਟੋਰੈਂਟ, ਹੋਟਲ, ਕੈਫੇ, ਕਾਫੀ ਸ਼ਾਪ ਅਤੇ ਹੋਰ ਖਾਣ ਵਾਲੀਆਂ ਦੁਕਾਨਾਂ ’ਤੇ ਬਿਠਾ ਕੇ ਖੁਵਾਉਣ ’ਤੇ ਪਾਬੰਦੀ ਰਹੇਗੀ। ਪਰ ਰਾਤ ਨੂੰ 9 ਵਜੇ ਤੱਕ ਹੋਮ ਡਲਿਵਰੀ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸਮਾਜਿਕ, ਸੱਭਿਆਚਾਰ, ਖੇਡ ਅਤੇ ਰਾਜਨੀਤਕ ਇਕੱਠਾਂ ’ਤੇ ਵੀ ਪਾਬੰਦੀ ਲਗਾਈ ਹੋਈ ਹੈ। ਯੂਟੀ ਦੇ ਪ੍ਰਸ਼ਾਸਕ ਨੇ ਸਿਹਤ ਵਿਭਾਗ ਨੂੰ ਹਦਾਇਤ ਦਿੱਤੀ ਕਿ ਕਰੋਨਾ ਮਰੀਜ਼ਾਂ ਦੇ ਇਲਾਜ ਦੌਰਾਨ ਆਉਣ ਵਾਲੀਆਂ ਕਮੀਆਂ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਨੇ ਪੀਜੀਆਈ, ਸੈਕਟਰ-16 ਅਤੇ 32 ਹਸਪਤਾਲ ਦੇ ਸੀਨੀਅਰ ਡਾਕਟਰਾਂ ਨੂੰ ਸਾਂਝੇ ਤੌਰ ’ਤੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਫ਼ੈਸਲੇ ਲੈਣ ਦੇ ਆਦੇਸ਼ ਦਿੱਤੇ। ਯੂਟੀ ਪ੍ਰਸ਼ਾਸਨ ਨੇ ਕਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆਂ ਸੈਕਟਰ-45 ਦੇ ਹਸਪਤਾਲ ਨੂੰ ਕਰੋਨਾ ਹਸਪਤਾਲ ਬਣਾ ਦਿੱਤਾ ਹੈ।
ਫੌਜ ਨੇ ਪੰਜਾਬ ਯੂਨੀਵਰਸਿਟੀ ਵਿੱਚ 100 ਬੈੱਡਾਂ ਦਾ ਹਸਪਤਾਲ ਬਣਾਇਆ
ਪੱਛਮੀ ਕਮਾਂਡ ਚੰਡੀਗੜ੍ਹ ਦੀ ਟੀਮ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਕੌਂਮਾਂਤਰੀ ਹੋਸਟਲ ਵਿੱਚ 100 ਬੈੱਡਾਂ ਦਾ ਹਸਪਤਾਲ ਬਣਾਇਆ ਗਿਆ ਹੈ ਜਿੱਥੇ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਵੀ ਫੌਜ ਦੇ ਅਧਿਕਾਰੀ ਹੀ ਕਰਨਗੇ। ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਭਾਰਤੀ ਫੌਜ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਹ ਹਸਪਤਾਲ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਟ੍ਰਾਈਸਿਟੀ ਦੇ ਅਧਿਕਾਰੀਆਂ ਦੀ ਮੀਟਿੰਗ ਅੱਜ
ਯੂਟੀ ਪ੍ਰਸ਼ਾਸਨ ਵੱਲੋਂ ਹਾਈ ਕੋਰਟ ਦੇ ਆਦੇਸ਼ਾਂ ਦਾ ਪਾਲਣਾ ਕਰਦਿਆਂ ਟ੍ਰਾਈਸਿਟੀ ਦੇ ਅਧਿਕਾਰੀਆਂ ਦੀ ਬੈਠਕ 11 ਮਈ ਨੂੰ ਸੱਦੀ ਗਈ ਹੈ ਜਿਸ ਵਿੱਚ ਟ੍ਰਾਈਸਿਟੀ ਵਿੱਚ ਕਰੋਨਾ ਕੇਸਾਂ ਦੀ ਰੋਕਥਾਮ ਲਈ ਸਾਂਝਾ ਕਮਾਂਡ ਸੈਂਟਰ ਬਣਾਉਣ ਬਾਰੇ ਫ਼ੈਸਲਾ ਲਿਆ ਜਾਵੇਗਾ। ਇਸ ਕਮਾਂਡ ਸੈਂਟਰ ਰਾਹੀ ਟ੍ਰਾਈਸਿਟੀ ਦੇ ਕਰੋਨਾ ਕੇਸਾਂ ’ਤੇ ਨਜ਼ਰ ਰੱਖੀ ਜਾਵੇਗੀ।