ਗਗਨ ਅਰੋੜਾ
ਲੁਧਿਆਣਾ, 20 ਫਰਵਰੀ
ਸ਼ਹਿਰ ਦੀ ਸ਼ਿੰਗਾਰ ਸਿਨੇਮਾ ਦੇ ਪਿਛਲੇ ਪਾਸੇ ਬਣੇ ਇੱਕ ਚੋਣ ਬੂਥ ਵਿੱਚ ਭਾਜਪਾ ਉਮੀਦਵਾਰ ਤੇ ਉਸ ਦੇ ਸਮਰਥਕਾਂ ਵੱਲੋਂ ਕਾਂਗਰਸੀ ਉਮੀਦਵਾਰ ’ਤੇ ਪੁਲੀਸ ਨਾਲ ਰਲ ਕੇ ਜਾਅਲੀ ਵੋਟ ਪਾਉਣ ਦਾ ਦੋਸ਼ ਲਾਇਆ ਗਿਆ ਹੈ। ਇਸ ਦਾ ਵਿਰੋਧ ਕਰਦਿਆਂ ਭਾਜਪਾ ਆਗੂਆਂ ਨੇ ਸ਼ਿੰਗਾਰ ਸਿਨੇਮਾ ਵਾਲੀ ਸੜਕ ’ਤੇ ਧਰਨਾ ਲਾ ਦਿੱਤਾ। ਹਲਕਾ ਕੇਂਦਰੀ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਹੀ ਕਾਂਗਰਸ ਦੇ ਵਰਕਰਾਂ ਨਾਲ ਮਿਲ ਕੇ ਜਾਅਲੀ ਵੋਟ ਪਵਾਈ ਹੈ। ਜਦੋਂ ਉਨ੍ਹਾਂ ਦੇ ਸਮਰਥਕਾਂ ਨੇ ਵਿਰੋਧ ਕੀਤਾ ਤਾਂ ਦੂਸਰੇ ਪਾਸਿਓਂ ਪਥਰਾਅ ਸ਼ੁਰੂ ਹੋ ਗਿਆ। ਉਨ੍ਹਾਂ ਪੁਲੀਸ ਮੁਲਾਜ਼ਮਾਂ ’ਤੇ ਵੀ ਗਲਤ ਵਿਹਾਰ ਕਰਨ ਦਾ ਦੋਸ਼ ਲਾਇਆ। ਧਰਨੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ, ਪਰ ਭਾਜਪਾ ਆਗੂਆਂ ਵੱਲੋਂ ਚੌਕੀ ਧਰਮਪੁਰਾ ਤੇ ਥਾਣਾ ਡਿਵੀਜ਼ਨ ਨੰ. 3 ਦੇ ਇੰਚਾਰਜਾਂ ਨੂੰ ਮੁਅੱਤਲ ਕਰਨ ਦੀ ਮੰਗ ਰੱਖੀ। ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਦੱਸਿਆ ਕਿ ਸ਼ਿੰਗਾਰ ਸਿਨੇਮਾ ਦੇ ਪਿੱਛੇ ਬਣੇ ਪੋਲਿੰਗ ਕੇਂਦਰ ਵਿੱਚ ਸਾਰਾ ਦਿਨ ਸ਼ਾਂਤੀ ਨਾਲ ਮਤਦਾਨ ਹੋਇਆ, ਪਰ ਦੇਰ ਸ਼ਾਮ ਕਾਂਗਰਸੀ ਉਮੀਦਵਾਰ ਦੇ ਸਾਥੀਆਂ ਨੇ ਜਾਅਲੀ ਵੋਟ ਪਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਦੇ ਸਮਰਥਕਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਚੌਕੀ ਧਰਮਪੁਰਾ ਇੰਚਾਰਜ ਤੇ ਥਾਣਾ ਡਿਵੀਜ਼ਨ ਨੰਬਰ 3 ਦੇ ਇੰਚਾਰਜ ਨੇ ਵੀ ਕਾਂਗਰਸੀ ਆਗੂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ’ਤੇ ਹੋਈ ਪਥਰਾਅ ਵਿੱਚ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ।
ਹਲਕਾ ਪੂਰਬੀ ਦੇ ਇਲਾਕੇ ਟਿੱਬਾ ਰੋਡ ਸਥਿਤ 116 ਨੰਬਰ ਬੂਥ ’ਤੇ ਉਸ ਸਮੇਂ ਵਿਵਾਦ ਹੋ ਗਿਆ, ਜਦੋਂ ਭਾਜਪਾ ਉਮੀਦਵਾਰ ਜਗਮੋਹਨ ਸ਼ਰਮਾ ਨੇ ਥਾਣਾ ਟਿੱਬਾ ਦੇ ਇੰਚਾਰਜ ’ਤੇ ਧੱਕਾ ਮੁੱਕੀ ਕਰਨ ਦਾ ਦੋਸ਼ ਲਾਇਆ। ਜਗਮੋਹਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 116 ਨੰਬਰ ਬੂਥ ਵਿੱਚ ਕੁਝ ਲੋਕ ਅੰਦਰ ਗਏ ਹੋਏ ਹਨ। ਜਦੋਂ ਉਨ੍ਹਾਂ ਉੱਥੇ ਖੜ੍ਹੇ ਥਾਣਾ ਇੰਚਾਰਜ ਨਾਲ ਗੱਲ ਕਰਨੀ ਚਾਹੀ ਤਾਂ ਉਲਟਾ ਥਾਣਾ ਇੰਚਾਰਜ ਨੇ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨੂੰ ਉਥੋਂ ਬਾਹਰ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ। ਇਸ ਮਗਰੋਂ ਉਕਤ ਬੂਥ ’ਤੇ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ।