ਖੇਤਰੀ ਪ੍ਰਤੀਨਿਧ
ਪਟਿਆਲਾ, 2 ਨਵੰਬਰ
ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਵਿਰੁੱਧ ਇੱਕ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ। ਇਹ ਸਾਈਕਲ ਰੈਲੀ ਸਾਈਕਲਿੰਗ ਗਰੁੱਪ ਬਾਰਾਂਦਰੀ ਆਡੀਅਲ, ਟੂਰ ਦੀ ਪਟਿਆਲਾ, ਹਿਮਾਲੀਅਨ ਸਾਈਕਲ ਗਰੁੱਪ, ਸਟਰੀਟ ਸਾਈਕਲ ਗਰੁੱਪ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਹਿਯੋਗ ਨਾਲ ਕੱਢੀ ਗਈ।
ਰੈਲੀ ਦੌਰਾਨ ਵਿਜੀਲੈਂਸ ਦੇ ਡੀਐਸਪੀ ਜਤਿੰਦਰਪਾਲ ਸਿੰਘ, ਇੰਸਪੈਕਟਰ ਰਵੀ ਕੁਮਾਰ ਸਮੇਤ ਸਮੂਹ ਸਟਾਫ਼ ਨੇ ਵੀ ਹਿੱਸਾ ਲਿਆ। ਨਗਰ ਨਿਗਮ ਪਟਿਆਲਾ ਦੇ ਆਡੀਟੋਰੀਅਮ ’ਚ ਕਰਵਾਏ ਗਈ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸੈਮੀਨਾਰ ਦੌਰਾਨ ਡੀਐਸਪੀ ਸਤਪਾਲ ਸਿੰਘ ਨੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਵਿਜੀਲੈਂਸ ਬਿਊਰੋ ਵੱਲੋਂ ਨਿਭਾਈ ਜਾ ਰਹੀ ਡਿਊਟੀ ਸਮੇਤ ਹੋਰ ਦਸਤਾਵੇਜ਼ੀ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਅਤੇ ਸੰਯੁਕਤ ਕਮਿਸ਼ਨਰ ਅਭਿਸ਼ੇਕ ਗੁਪਤਾ ਨੇ ਵਿਚਾਰ ਪੇਸ਼ ਕੀਤੇ। ਡੀਐੱਸਪੀ ਸਤਪਾਲ ਸਿੰਘ ਤੇ ਇੰਸਪੈਕਟਰ ਰਵੀ ਕੁਮਾਰ ਵੱਲੋਂ ਯੂਥ ਫਾਊਂਡੇਸ਼ਨ, ਯੂਥ ਕਲੱਬ ਬਾਦਸ਼ਾਹਪੁਰ ਅਤੇ ਟਰੈਫਿਕ ਮਾਰਸ਼ਲ ਟੀਮ ਪਟਿਆਲਾ ਨਾਲ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸਬੰਧੀ ਮੀਟਿੰਗ ਕੀਤੀ ਗਈ।