ਕੁਲਦੀਪ ਸਿੰਘ ਧਨੌਲਾ
ਰਾਜਪੁਰਾ ਤਹਿਸੀਲ ਦੇ ਨੇੜਲੇ ਪੈਂਦੇ ਪਿੰਡ ਕੁੱਥਾ ਖੇੜੀ ਦਾ 60 ਸਾਲਾ ਮਿਸਤਰੀ ਜਸਪਾਲ ਸਿੰਘ ਆਪਣੇ ਅਵੱਲੇ ਸ਼ੌਕ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਬੈਠਾ ਹੈ। ਬਚਪਨ ਵਿਚ ਉਸਨੂੰ ਤਵਿਆਂ ਵਾਲੀਆਂ ਸੂਈਆਂ ਚੁੱਕਣ ਦਾ ਅਜਿਹਾ ਭੁੱਸ ਪਿਆ ਤੇ ਫੇਰ ਉਹ ਸੂਈਆਂ ਦਾ ਹੀ ਹੋ ਕੇ ਰਹਿ ਗਿਆ। ਸਕੂਲੋਂ ਛੁੱਟੀ ਕਰਕੇ ਜਦੋਂ ਜਸਪਾਲ ਸਿੰਘ ਘਰ ਆਉਂਦਾ ਤਾਂ ਫੱਟੀ ਬਸਤਾ ਸੁੱਟਣ ਸਾਰ ਪਿੰਡ ਵਿਚ ਜਿਸ ਘਰ ਸਪੀਕਰ ਵੱਜਦਾ, ਉੱਥੇ ਪਹੁੰਚ ਕੇ ਸਪੀਕਰ ਵਾਲੇ ਵੱਲੋਂ ਗੀਤ ਖ਼ਤਮ ਹੋਣ ’ਤੇ ਜਦੋਂ ਸੂਈ ਸੁੱਟੀ ਜਾਂਦੀ ਤਾਂ ਭੱਜ ਕੇ ਚੁੱਕ ਲੈਂਦਾ। ਅੱਜ ਉਸ ਕੋਲ ਤਵਿਆਂ ਦੇ ਨਾਲ-ਨਾਲ ਪੰਜ ਹਜ਼ਾਰ ਦੇ ਲਗਪਗ ਕੈਸੇਟਾਂ ਹਨ, ਜਿਨ੍ਹਾਂ ਵਿਚ ਇਤਿਹਾਸਕ ਦਸਤਾਵੇਜ਼ ਵਜੋਂ ਭਾਖੜਾ ਡੈੱਮ ਦੇ ਉਦਘਾਟਨ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਅੰਗਰੇਜ਼ੀ ਵਿਚ ਦਿੱਤੇ ਗਏ ਭਾਸ਼ਨ ਦਾ ਤਵਾ ਵੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਦੇ ਵਿਆਹ ਵੇਲੇ ਕਲਕੱਤਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਗਾਇਕਾ ਗੌਹਰ ਜਾਨ ਦੀ ਗ਼ਜ਼ਲ ਦੀ ਰਿਕਾਰਡਿੰਗ ਵੀ ਸੰਭਾਲੀ ਹੋਈ ਹੈ। ਉਸ ਕੋਲ ਪਏ ਪੁਰਾਣੇ ਰਿਕਾਰਡਾਂ ਨੂੰ ਆਧਾਰ ਬਣਾ ਕੇ ਸਿਮਰਨਜੀਤ ਸਿੰਘ ਨਾਂ ਦਾ ਵਿਦਿਆਰਥੀ ਪੀਐੱਚ.ਡੀ. ਕਰ ਚੁੱਕਿਆ ਅਤੇ ਅਮਨ ਕੌਰ ਆਪਣੇ ਥੀਸਿਸ ’ਤੇ ਕੰਮ ਕਰ ਰਹੀ ਹੈ। ਉਸ ਕੋਲ ਪੰਜਾਬੀ ਗੀਤਾਂ ਤੋਂ ਇਲਾਵਾ ਉਰਦੂ, ਹਰਿਆਣਵੀ, ਰਾਜਸਥਾਨੀ, ਮਾਰਵਾੜੀ, ਬੰਗਾਲੀ, ਤੇਲਗੂ, ਤਾਮਿਲ ਆਦਿ ਭਾਸ਼ਾਵਾਂ ਦੇ ਵੀ ਗੀਤ ਹਨ। ਘਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਾਰਨ ਉਹ ਬਹੁਤਾ ਪੜ੍ਹ-ਲਿਖ ਵੀ ਨਾ ਸਕਿਆ ਤੇ ਪਿਤਾ ਪੁਰਖੀ ਕਿੱਤਾ ਲੱਕੜੀ ਦਾ ਕੰਮ ਕਰਨ ਲੱਗ ਪਿਆ, ਪਰ ਉਸ ਅੰਦਰ ਸੰਗੀਤ ਦੀ ਚਿਣਗ ਜਿਉਂ ਦੀ ਤਿਉਂ ਮਘਦੀ ਰਹੀ, ਜਿਸ ਕਾਰਨ ਉਹ ਵੱਡੇ ਤੜਕੇ ਰਾਜਪੁਰੇ ਦੇ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਗੱਡੀ ਵਿਚ ਜਾ ਬਹਿੰਦਾ ਤੇ ਚੱਲ ਪੈਂਦਾ ਸਪੀਕਰ ਵਾਲੀਆਂ ਮਸ਼ੀਨਾਂ ਤੇ ਤਵੇ (ਰਿਕਾਰਡ) ਖ਼ਰੀਦਣ। ਉਸਨੇ ਆਪਣੇ ਘਰ ਵਿਚ ਇਕ ਸੰਗੀਤ ਲਾਇਬ੍ਰੇਰੀ ਬਣਾਈ ਹੋਈ ਹੈ। ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਦੇ ਮੁੰਡੇ-ਕੁੜੀਆਂ, ਜਿਨ੍ਹਾਂ ਨੇ ਤਵੇ ਵਾਲੇ ਰਿਕਾਰਡ ਚਲਦੇ ਨਹੀਂ ਦੇਖੇ (ਸੁਣੇ), ਉਸਦੇ ਘਰ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਬਿਨਾਂ ਬੁਲਾਏ ਮਹਿਮਾਨਾਂ ਦੇ ਆਉਣ ਕਾਰਨ ਮੱਥੇ ਵੱਟ ਪਾਉਣ ਦੀ ਥਾਂ ਉਸ ਦੇ ਖੁਸ਼ੀ ਵਿਚ ਦਗ-ਦਗ ਕਰਦੇ ਚਿਹਰੇ ਦਾ ਨੂਰ ਦੇਖਣ ਵਾਲਾ ਹੁੰਦਾ ਹੈ। ਜਦੋਂ ਉਹ ‘ਸਤਿ ਗੁਰ ਨਾਨਕ ਤੇਰੀ ਲੀਲਾ ਨਿਆਰੀ ਐ…’ ਲਾਲ ਚੰਦ ਯਮਲਾ ਜੱਟ ਦੇ ਤਵੇ ’ਤੇ ਸੂਈ ਧਰ ਕੇ ਇਹ ਗੀਤ ਸੁਣਾਉਂਦਾ ਹੈ ਤਾਂ ਪੰਜਾਬ ਦਾ ਲਗਪਗ 40-50 ਸਾਲ ਪਿਛਲਾ ਦ੍ਰਿਸ਼ ਸਿਰਜ ਦਿੰਦਾ ਹੈ।
ਇਸ ਅਵੱਲੇ ਸ਼ੌਕ ਤੋਂ ਘਰਦਿਆਂ ਵੱਲੋਂ ਰੋਕਣ-ਟੋਕਣ ਬਾਰੇ ਪੁੱਛਣ ’ਤੇ ਜਸਪਾਲ ਸਿੰਘ ਖੁਸ਼ੀ ਵਿਚ ਉੱਚੀ-ਉੱਚੀ ਹੱਸਦਾ ਕਹਿਣ ਲੱਗਿਆ, ਮੈਂ ਘਰਦਿਆਂ ਨੂੰ ਔਖ ਆਉਣ ਹੀ ਨਹੀਂ ਦਿੱਤੀ, ਕਿਉਂਕਿ ਮੈਂ ਪਹਿਲ ਘਰ ਦੇ ਰਾਸ਼ਨ-ਪਾਣੀ ਨੂੰ ਦਿੰਦਾ ਸੀ, ਉਸ ਤੋਂ ਬਾਅਦ ਜੇ 1000-500 ਰੁਪਏ ਜਿੰਨੇ ਵੀ ਬਚਦੇ, ਓਨੇ ਨਾਲ ਹੀ ਆਪਣਾ ਸ਼ੌਕ ਪੂਰਾ ਕਰ ਲੈਂਦਾ ਸੀ। ਭਾਵੇਂ 1970 ਵਿਚ ਉਸਨੇ ਟੇਪ ਰਿਕਾਰਡ ਦੇ ਨਾਲ ਕੁਝ ਕੈਸੇਟਾਂ ਖ਼ਰੀਦੀਆਂ ਸਨ, ਪਰ ਤਵੇ ਤੇ ਮਸ਼ੀਨਾਂ ਖ਼ਰੀਦਣ ਵਾਲੀ ਮ੍ਰਿਗ-ਤ੍ਰਿਸ਼ਨਾ ਜਿਉਂ ਦੀ ਤਿਉਂ ਰਹੀ। ਉਸਨੇ ਪੁਰਾਣੇ ਰਿਕਾਰਡ, ਪੁਰਾਤਨ ਐਮਪਲੀਫਾਇਰ, ਟੇਪ ਰਿਕਾਰਡਾਂ ਤੇ ਗਰਾਮੋਫੋਨ ਮਸ਼ੀਨਾਂ ਆਦਿ ਸੰਭਾਲ ਕੇ ਰੱਖੇ ਹੋਏ ਹਨ। ਦੂਰਦਰਸ਼ਨ ਜਲੰਧਰ ਤੋਂ ‘ਸ਼ੌਕ ਅਵੱਲੜੇ’ ਪ੍ਰੋਗਰਾਮ ਵਿਚ ਉਸ ਦੀ ਮੁਲਾਕਾਤ ਵੀ ਆ ਚੁੱਕੀ ਹੈ।
ਉਸ ਕੋਲ 4000 ਦੇ ਲਗਪਗ ਰਿਕਾਰਡ (ਤਵੇ) ਹਨ, ਜਿਨ੍ਹਾਂ ਵਿਚ ਐੱਲਪੀ ਰਿਕਾਰਡ, ਐੱਸਈਪੀ ਰਿਕਾਰਡ, ਏਪੀ ਰਿਕਾਰਡ, ਸੁਪਰ ਸੈਵਨ ਆਦਿ ਸ਼ਾਮਲ ਹਨ। ਊਕਤ ਗੀਤ ਗਰਾਮੋਫੋਨ ਮਸ਼ੀਨ ’ਤੇ 35-45 ਦੀ ਸਪੀਡ ’ਤੇ ਘੁੰਮਦੇ ਹਨ, ਪਰ ਸਿਰਫ਼ ਲਾਖ ਦੇ ਰਿਕਾਰਡ 78 ਦੀ ਸਪੀਡ ’ਤੇ ਚੱਲਦੇ ਹਨ। ਉਸ ਦੀ ਸੰਗੀਤਕ ਲਾਇਬ੍ਰੇਰੀ ਵਿਚ ਜਿਹੜੀਆਂ ਚਾਬੀ ਨਾਲ ਚੱਲਣ ਵਾਲੀਆਂ ਗਰਾਮੋਫੋਨ ਮਸ਼ੀਨਾਂ ਪਈਆਂ ਹਨ, ਊਹ ਕਈ ਦਹਾਕੇ ਪੁਰਾਣੀਆਂ ਹਨ ਅਤੇ ਊਨ੍ਹਾਂ ’ਤੇ ਪੀਕੱਪ ਦੀ ਥਾਂ ’ਤੇ ਸਾਊਂਡ ਬਾਕਸ ਫਿੱਟ ਹੁੰਦਾ ਹੈ। ਵਰਨਣਯੋਗ ਹੈ ਕਿ ਸੋਹਨ ਬਖਸ਼ ਦੀ ਸੂਈ ਹਰ ਤਵੇ ਬਾਅਦ ਬਦਲਣੀ ਪੈਂਦੀ ਹੈ, ਪਰ ਪੀਕੱਪ ’ਤੇ ਸੂਈ ਬਦਲਣ ਦੀ ਲੋੜ ਨਹੀਂ ਪੈਂਦੀ। ਜਸਪਾਲ ਸਿੰਘ ਕੋਲ ਦੋ ਮਸ਼ੀਨਾਂ 102 ਮਾਡਲ (78,45,33), ਇਕ ਕੋਲੰਬੀਆ 213 ਮਾਡਲ (78,45,33), ਇਕ ਗਰਾਟ ਕੰਪਨੀ ਦੀ ਮਸ਼ੀਨ ਮਾਡਲ (78,45,33) ਅਤੇ ਬਰਤਾਨੀਆ ਦਾ ਬਣਿਆ ਸਾਊਂਡ ਬਾਕਸ ਮੌਜੂਦ ਹਨ। ਊਕਤ ਸਾਰੀਆਂ ਮਸ਼ੀਨਾਂ ਚਾਬੀ ਨਾਲ ਚੱਲਦੀਆਂ ਹਨ। ਇਸ ਤੋਂ ਇਲਾਵਾ ਊਸ ਕੋਲ ਬਿਜਲੀ ਨਾਲ ਚੱਲਣ ਵਾਲੀਆਂ ਗਰਾਮੋਫੋਨ ਮਸ਼ੀਨਾਂ ਵੀ ਹਨ, ਜਿਨ੍ਹਾਂ ਵਿਚ ਬੂਸ਼ ਕੰਪਨੀ, ਯਾਹਮਾ ਕੰਪਨੀ, ਫਿਲਿਪਸ, ਐੱਚਐੱਮਵੀ ਸੰਭਾਲੀਆਂ ਹੋਈਆਂ ਹਨ। ਇਸ ਸਾਜ਼ੋ-ਸਾਮਾਨ ਦੀ ਰਿਪੇਅਰ ਉਹ ਖ਼ੁਦ ਕਰਦਾ ਹੈ।
ਜਿਹੜੀਆਂ ਅਤਿ-ਪੁਰਾਣੀਆਂ ਕੰਪਨੀਆਂ ਦੇ ਰਿਕਾਰਡ ਉਸ ਕੋਲ ਪਏ ਹਨ ਊਨ੍ਹਾਂ ਵਿਚ ਐੱਚਐੱਮਵੀ ਕੰਪਨੀ, ਇਨਰੀਕੋ ਰੀਗਲ, ਐਰਫੋਨ, ਯੰਗ ਇੰਡੀਆ, ਵਰਮਾ ਰਿਕਾਰਡਿੰਗ, ਜੈਨ-ਓ-ਫੋਨ ਲਾਹੌਰ 1913 ਦੀ ਰਿਕਾਰਡਿੰਗ ਕੋਲੰਬੀਆ ਕੰਪਨੀ ਅਤੇ ਰੀਗਲ ਕੰਪਨੀ ਦਾ 1900 ਵਿਚ ਰਿਕਾਰਡ ਹੋਇਆ ਤਵਾ ਵੀ ਪਿਆ ਹੈ। ਜਸਪਾਲ ਸਿੰਘ ਹੁਣ ਤਕ ਚੋਟੀ ਦੇ ਗਾਇਕਾਂ ਨੂੰ ਨਿੱਜੀ ਤੌਰ ’ਤੇ ਮਿਲ ਕੇ ਊਨ੍ਹਾਂ ਦਾ ਥਾਪੜਾ ਲੈ ਚੁੱਕਿਆ ਹੈ, ਜਿਨ੍ਹਾਂ ਵਿਚ ਮੁਹੰਮਦ ਸਦੀਕ, ਰਣਜੀਤ ਕੌਰ, ਕੁਲਦੀਪ ਮਾਣਕ, ਸੁਰਿੰਦਰ ਸੋਨੀਆ, ਨਜ਼ੀਰ ਮੁਹੰਮਦ, ਰੰਗਾ ਸਿੰਘ ਮਾਨ, ਲੱਖੀ ਵਣਜਾਰਾ, ਬਲਜੀਤ ਕੌਰ ਬੱਲੀ, ਕੁਲਦੀਪ ਕੌਰ, ਕਰਮਜੀਤ ਧੂਰੀ, ਗੁਰਦਿਆਲ ਨਿਰਮਾਣ, ਕੇ. ਦੀਪ, ਜਗਮੋਹਨ ਕੌਰ, ਕਰਨੈਲ ਸਿੰਘ ਆਦਿ ਦੇ ਨਾਂ ਵਰਨਣਯੋਗ ਹਨ। ਉਸ ਨੇ ਦੱਸਿਆ ਕਿ ਊਹ ਪੰਜਾਬ ਤੋਂ ਇਲਾਵਾ ਦਿੱਲੀ, ਰਾਜਸਥਾਨ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਆਦਿ ਥਾਵਾਂ ’ਤੇ ਪੱਲਿਓਂ ਖ਼ਰਚਾ ਕਰਕੇ ਰਿਕਾਰਡਿੰਗ ’ਕੱਠੀ ਕਰਨ ਲਈ ਜਾਂਦਾ ਰਿਹਾ। ਉਸ ਕੋਲ ਪਾਕਿਸਤਾਨੀ ਗਾਇਕਾਂ ਤਾਲਬਿ ਐਂਡ ਪਾਰਟੀ, ਅਖ਼ਤਰੀ ਜਾਨ, ਮਿਸ ਮੁੰਨੀ, ਫਜ਼ਲ ਟੁੰਡਾ ਐਂਡ ਪਾਰਟੀ, ਅਨਵਰ ਸੁਲਤਾਨਾ ਦੀਨ ਮੁਹੰਮਦ, ਜੁਬੈਕਾ ਖਾਨ, ਆਲਮ ਲੁਹਾਰ, ਨੂਰ ਜਹਾਂ, ਰੇਸ਼ਮਾ, ਮਿਸ ਚੰਪਾ, ਅੱਛਰ ਸਿੰਘ, ਮਹਿਮੂਦ ਇਕਬਾਲ, ਚਾਂਦ ਦੀਵਾਨ, ਮਾਸਟਰ ਫਜ਼ਲ ਅਲੀ ਤੋਂ ਇਲਾਵਾ ਭਾਈ ਛੈਲਾ ਦੀ ਰਿਕਾਰਡਿੰਗ ਵੀ ਮੌਜੂਦ ਹੈ। ਊੱਘੇ ਢਾਡੀਆਂ ਵਿਚ ਅਮਰ ਸਿੰਘ ਸ਼ੌਂਕੀ, ਸੋਹਣ ਸਿੰਘ ਸ਼ੌਂਕੀ, ਬਿੱਕਰ ਪਰਦੇਸ਼ੀ, ਊਦੈ ਸਿੰਘ, ਨਾਜ਼ਰ ਸਿੰਘ ਐਂਡ ਕੰਪਨੀ, ਦੀਦਾਰ ਐਂਡ ਕੰਪਨੀ, ਮਲਕੀਤ ਪੰਧੇਰ ਤੋਂ ਇਲਾਵਾ ਹੋਰ ਬਹੁਤ ਸਾਰੇ ਢਾਡੀਆਂ ਦੇ ਤਵੇ ਮੌਜੂਦ ਹਨ। ਪੰਜਾਬ ਦੇ ਮਸ਼ਹੂਰ ਗਾਇਕਾਂ ਦੀ ਰਿਕਾਰਡਿੰਗ ਵਿਚ ਚਾਂਦੀ ਰਾਮ, ਸ਼ਾਂਤੀ ਦੇਵੀ, ਲਾਲ ਚੰਦ ਯਮਲਾ ਜੱਟ, ਹਰਚਰਨ ਗਰੇਵਾਲ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਗੁਰਪਾਲ ਸਿੰਘ ਪਾਲ, ਅਵਤਾਰ ਨਾਥ ਹੰਸ, ਰਮੇਸ਼ ਰੰਗੀਲਾ, ਰੰਗੀਲਾ ਜੱਟ, ਕਰਮਜੀਤ ਧੂਰੀ, ਸਰੂਪ ਸਿੰਘ ਸਰੂਪ, ਮੋਹਣ ਸਿੰਘ ਚਰਖਾ, ਰੰਜਨਾ, ਪੰਮੀ ਪੋਹਲੀ, ਕੇ. ਦੀਪ, ਜਗਮੋਹਨ ਕੌਰ, ਊੱਤਮ ਸਿੰਘ, ਭੋਲਾ ਨਾਥ ਆਦਿ ਨਾਂ ਸ਼ਾਮਲ ਹਨ। ਉਸ ਕੋਲ ਧਾਰਮਿਕ ਰਿਕਾਰਡਿੰਗਾਂ ਵਿਚ ਜਪੁਜੀ ਸਾਹਿਬ, ਰਹਿਰਾਸ, ਸ਼ਬਦ ਭਾਈ ਸੁਰਜਨ ਸਿੰਘ ਰਾਗੀ, ਆਸਾ ਦੀ ਵਾਰ ਦਾ ਸੈੱਟ, ਆਵਾਜ਼ ਭਾਈ ਪ੍ਰਧਾਨ ਸਿੰਘ ਐਂਡ ਪਾਰਟੀ, ਪਿਆਰਾ ਸਿੰਘ ਪ੍ਰੇਮੀ, ਭਾਈ ਗੋਪਾਲ ਸਿੰਘ ਰਾਗੀ, ਭਾਈ ਹਰਬੰਸ ਸਿੰਘ ਰਾਗੀ, ਭਾਈ ਸੰਤਾ ਸਿੰਘ ਐਂਡ ਪਾਰਟੀ ਤੋਂ ਇਲਾਵਾ ਹੋਰ ਬਹੁਤ ਸਾਰੇ ਰਾਗੀਆਂ, ਢਾਡੀਆਂ, ਕਵੀਸ਼ਰਾਂ ਦੀਆਂ ਰਿਕਾਰਡਿੰਗ ਮੌਜੂਦ ਹੈ। ਉਹ ਸੱਭਿਆਚਾਰਕ ਮੇਲਿਆਂ ’ਤੇ ਆਪਣੇ ਸੰਗੀਤਕ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾ ਚੁੱਕਾ ਹੈ। ਉਸ ਦੇ ਕੰਮ ਦੀ ਸ਼ਲਾਘਾ ਕਰਨੀ ਬਣਦੀ ਹੈ, ਕਿਊਂਕਿ ਊਹ ਘਰੇਲੂ ਤੰਗੀਆਂ ਤੁਰਸ਼ੀਆਂ ਝੱਲਦਾ ਹੋਇਆ ਪੁਰਾਤਨ ਸੰਗੀਤ ਦੇ ਖ਼ਜ਼ਾਨੇ ਦੀ ਸੰਭਾਲ ਕਰ ਰਿਹਾ ਹੈ। ਉਸ ਦੀ ਸਰਕਾਰ ਅਤੇ ਸੰਗੀਤ ਨੂੰ ਪਿਆਰ ਕਰਨ ਵਾਲਿਆਂ ਤੋਂ ਇਕੋ-ਇਕ ਮੰਗ ਹੈ ਉਸਦੇ ਘਰ ਦੀ ਬਾਲਿਆਂ ਵਾਲੀ ਛੱਤ ਮੀਂਹ ਵਿਚ ਚੋਣ ਲੱਗ ਜਾਂਦੀ ਹੈ, ਜਿਸ ਕਰਕੇ ਉਸਨੂੰ ਖਦਸ਼ਾ ਹੈ ਕਿ ਕਿਤੇ ਉਸਦੀ ਇਹ ਸੰਗੀਤਕ ਲਾਇਬ੍ਰੇਰੀ ਖ਼ਰਾਬ ਨਾ ਹੋ ਜਾਵੇ। ਉਹ ਚਾਹੁੰਦਾ ਹੈ ਕਿ ਪ੍ਰੇਮੀਆਂ ਦੀ ਸਹਾਇਤਾ ਨਾਲ ’ਕੋਠੇ ’ਤੇ ਚੁਬਾਰਾ ਪਾ ਕੇ ਇਸ ਅਨਮੋਲ ਖਜ਼ਾਨੇ ਨੂੰ ਸੰਭਾਲਿਆ ਜਾਵੇ।
ਸੰਪਰਕ: 94642-91023