ਖੇਤਰੀ ਪ੍ਰਤੀਨਿਧ
ਬਰਨਾਲਾ, 23 ਅਕਤੂਬਰ
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਅਤੇ ਭੂਮੀ ਰੱਖਿਆ ਮੰਤਰੀ, ਪੰਜਾਬ ਸਰਕਾਰ ਰਾਣਾ ਗੁਰਜੀਤ ਸਿੰਘ ਇੱਥੇ ਜ਼ਿਲ੍ਹੇ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਵਿਕਾਸ ਕੰਮਾਂ ਦੀ ਵਿਉਂਤਬੰਦੀ ਅਤੇ ਕੰਮ ਕਰਦੇ ਸਮੇਂ ਉਸ ਦੀ ਆਮ ਜਨਤਾ ਵੱਲੋਂ ਲੰਬੇ ਸਮੇਂ ਤੱਕ ਵਰਤੋਂ ਸਬੰਧੀ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਆਮ ਜਨਤਾ ਦੀ ਲੋੜ ਅਨੁਸਾਰ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਫਾਇਦਾ ਹੋ ਸਕੇ।
ਉਦਯੋਗਾਂ ਦੀ ਲੋੜ ਅਨੁਸਾਰ ਨੌਜਵਾਨਾਂ ਨੂੰ ਕੋਰਸ ਕਰਵਾਉਣ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰੀ ਆਈਟੀਆਈ ਅਤੇ ਰੁਜ਼ਗਾਰ ਉਤਪੱਤੀ ਵਿਭਾਗ ਨੂੰ ਸਥਾਨਕ ਉਦਯੋਗਾਂ ਨਾਲ ਤਾਲਮੇਲ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਪਾਣੀ ਬਚਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮੰਤਰੀ ਰਾਣਾ ਨੇ ਚਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ। ਇਹ ਨੌਜਵਾਨ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸ ਹਨ। ਇਸ ਮੌਕੇ ਕੇਵਲ ਸਿੰਘ ਢਿੱਲੋਂ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਚੇਅਰਮੈਨ ਇੰਮਪਰੂਵਮੈਂਟ ਟਰਸਟ ਮੱਖਣ ਸ਼ਰਮਾ, ਡੀਸੀ ਕੁਮਾਰ ਸੌਰਭ ਰਾਜ, ਐੱਸਐੱਸਪੀ ਅਲਕਾ ਮੀਨਾ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਬਿਜਲੀ ਦੇ ਬਕਾਇਆ ਬਿੱਲ ਮੁਆਫ਼ੀ ਦੀ ਸ਼ੁਰੂਆਤ
ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਵਲੋਂ 2 ਕਿਲੋਵਾਟ ਤੱਕ ਵਾਲੇ ਖਪਤਕਾਰਾਂ ਦੇ ਘਰੇਲੂ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕਰਨ ਵਾਲੀ ਯੋਜਨਾ ਦੀ ਅੱਜ ਬਰਨਾਲਾ ਵਿੱਚ ਵਿਸ਼ੇਸ਼ ਕੈਂਪ ਲਾ ਕੇ ਸ਼ੁਰੂਆਤ ਕੀਤੀ ਗਈ। ਕੈਂਪ ਦਾ ਉਦਘਾਟਨ ਕਰਦਿਆਂ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਪਾਣੀ ਬਿੱਲ ਮੁਆਫ਼ੀ ਦੇ ਫ਼ੈਸਲੇ ਨਾਲ ਹਰ ਵਰਗ ਖਾਸਕਰ ਗਰੀਬ ਪਰਿਵਾਰਾਂ ਨੂੰ ਵੱਡਾ ਲਾਭ ਮਿਲੇਗਾ।