ਸ਼ਗਨ ਕਟਾਰੀਆ
ਜੈਤੋ, 28 ਨਵੰਬਰ
ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਰਗਾੜੀ ਵਿੱਚ ਅੱਜ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ‘ਪੰਥ, ਗ੍ਰੰਥ ਤੇ ਕਿਸਾਨ ਬਚਾਓ’ ਬੈਨਰ ਹੇਠ ਇਕੱਠ ਕੀਤਾ ਗਿਆ। ਜਿਸ ਵਿੱਚ ਆਗੂਆਂ ਨੇ ਆਜ਼ਾਦ ਭਾਰਤ ਦੀਆਂ ਹਕੂਮਤਾਂ ’ਤੇ ਸਿੱਖਾਂ ਪ੍ਰਤੀ ਬੇਗਾਨਗੀ ਵਾਲਾ ਵਤੀਰਾ ਅਪਣਾਉਣ ਦਾ ਦੋਸ਼ ਲਾਉਂਦਿਆਂ ਲੋਕਾਂ ਨੂੰ 2022 ਦੀਆਂ ਚੋਣਾਂ ਵਿੱਚ ਦਲ ਦੇ ਹੱਥ ਮਜ਼ਬੂਤ ਕਰ ਕੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਸਥਾਪਤ ਕਰਨ ਦੀ ਅਪੀਲ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਸਾਕਾ ਨੀਲਾ ਤਾਰਾ, ਦਿੱਲੀ ਕਤਲੇਆਮ ਤੇ ਬੇਅਦਬੀ ਘਟਨਾਵਾਂ ਦੇ ਹਵਾਲਿਆਂ ਨਾਲ ਸਮੇਂ ਦੀਆਂ ਹਕੂਮਤਾਂ ਨੂੰ ਸਿੱਖ ਵਿਰੋਧੀ ਗਰਦਾਨਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬਾਦਲ)-ਭਾਜਪਾ ਅਤੇ ਕੈਪਟਨ ਸਰਕਾਰ ਬੇਅਦਬੀ ਦੀਆਂ ਘਟਨਾਵਾਂ ’ਤੇ ਪਰਦਾਪੋਸ਼ੀ ਕਰਦੀਆਂ ਰਹੀਆਂ ਹਨ ਤੇ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਹਾਲੇ ਭਵਿੱਖ ’ਚ ਛੁਪੀ ਹੋਈ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ’ਚ ਹੋ ਰਹੀ ਦੇਰੀ ਪਿੱਛੇ ਵੀ ਮੋਦੀ ਸਰਕਾਰ ਤੇ ਬਾਦਲਾਂ ਦੀ ਮਿਲੀ ਭੁਗਤ ਹੋਣ ਦੀ ਗੱਲ ਆਖੀ। ਸ੍ਰੀ ਮਾਨ ਨੇ ਕਿਸਾਨਾਂ ਨੂੰ ਅੰਦੋਲਨ ਦੀ ਜਿੱਤ ’ਤੇ ਵਧਾਈ ਦਿੱਤੀ ਤੇ ਹਮ-ਖ਼ਿਆਲੀਆਂ ਦੇ ਸਹਿਯੋਗ ਨਾਲ ਪਿੰਡ-ਪਿੰਡ ਵਿੱਚ ਪੰਜ ਮੈਂਬਰੀ ‘ਗੁਰੂ ਕੀ ਫੌਜ’ ਬਣਾਉਣ ਦਾ ਸੱਦਾ ਦਿੱਤਾ। ਲੱਖਾ ਸਿਧਾਣਾ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਐੱਮਐੱਸਪੀ ’ਤੇ ਕਾਨੂੰਨ ਨਹੀਂ ਬਣਾਉਂਦੀ, ਉਦੋਂ ਤੱਕ ਕਿਸਾਨ ਮੋਰਚਾ ਖਤਮ ਨਹੀਂ ਕਰਨਾ ਚਾਹੀਦਾ।
ਇਕੱਠ ਨੂੰ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਜਸਕਰਨ ਕਾਹਨ ਸਿੰਘ, ਗੁਰਜੰਟ ਸਿੰਘ ਕੱਟੂ, ਗੁਰਸੇਵਕ ਸਿੰਘ ਜਵਾਹਰ ਕੇ (ਸਾਰੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅ), ਦਰਬਾਰ-ਏ-ਖਾਲਸਾ ਤੋਂ ਹਰਜਿੰਦਰ ਸਿੰਘ ਮਾਝੀ, ਦਲ ਖਾਲਸਾ ਦੇ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਪ੍ਰੋ. ਮਹਿੰਦਰਪਾਲ ਸਿੰਘ ਨੇ ਕੀਤਾ।
ਲੱਖਾ ਸਿਧਾਣਾ ਵਿਰੁੱਧ ਨਾਅਰੇਬਾਜ਼ੀ
ਪੰਡਾਲ ’ਚ ਬੈਠੇ ਕੁੱਝ ਵਿਅਕਤੀਆਂ ਨੇ ਜਦੋਂ ਲੱਖਾ ਸਿਧਾਣਾ ਦੇ ਵਿਰੋਧ ’ਚ ਉਸ ਦੀ ਮੁਰਦਾਬਾਦ ਦੇ ਨਾਅਰੇ ਲਾਏ ਤਾਂ ਲੱਖਾ ਸਿਧਾਣਾ ਨੇ ਸਟੇਜ ’ਤੇ ਆ ਕੇ ਕਿਹਾ, ‘ਜੇ ਤੁਸੀਂ ਆਪਸੀ ਲੜਾਈ ਕਰਕੇ ਖ਼ੁਸ਼ ਹੋਣਾ ਚਾਹੁੰਦੇ ਹੋ ਤਾਂ ਮੈਂ ਖੁੁ਼ਦ ਹੀ ਕਹਿ ਦਿੰਦਾ ਹਾਂ ‘ਲੱਖਾ ਸਿਧਾਣਾ-ਮੁਰਦਾਬਾਦ।’ ਜ਼ਿਕਰਯੋਗ ਹੈ ਕਿ ਪੰਡਾਲ ਵਿੱਚ ਖਾਲਿਸਤਾਨ ਦੇ ਪੱਖ ’ਚ ਵੀ ਜ਼ਬਰਦਸਤ ਨਾਅਰੇਬਾਜ਼ੀ ਹੋਈ।