ਨਵੀਂ ਦਿੱਲੀ, 26 ਅਗਸਤ
ਅਡਾਨੀ ਗਰੁੱਪ ਨੇ ਅੱਜ ਐੱਨਡੀਟੀਵੀ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਹੈ ਜਿਸ ਵਿਚ ਮੀਡੀਆ ਸਮੂਹ ਨੇ ਦਾਅਵਾ ਕੀਤਾ ਸੀ ਕਿ ‘ਆਰਆਰਪੀਆਰ’ (ਰਾਧਿਕਾ ਰੌਏ ਤੇ ਪ੍ਰਣਯ ਰੌਏ) ਲਿਮਟਿਡ ਦੀ ਹਿੱਸੇਦਾਰੀ ਖ਼ਰੀਦਣ ਲਈ ਸੇਬੀ ਦੀ ਮਨਜ਼ੂਰੀ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਮੋਟਰ ਇਕਾਈ ਰੈਗੂਲੇਟਰ ਦੇ ਉਸ ਹੁਕਮ ਦਾ ਹਿੱਸਾ ਨਹੀਂ ਹੈ ਜਿਸ ਵਿਚ ਐੱਨਡੀਟੀਵੀ ਦੇ ਪ੍ਰਮੋਟਰਾਂ ਪ੍ਰਣਯ ਰੌਏ ਤੇ ਰਾਧਿਕਾ ਰੌਏ ਦੇ ਸਕਿਉਰਿਟੀ ਬਾਜ਼ਾਰ ’ਚ ਕਾਰੋਬਾਰ ਕਰਨ ਉਤੇ ਪਾਬੰਦੀ ਲਾਈ ਗਈ ਸੀ। ‘ਆਰਆਰਪੀਆਰ’ ਵੱਲੋਂ ਚੁੱਕੇ ਗਏ ਇਤਰਾਜ਼ਾਂ ਨੂੰ ‘ਬੇਬੁਨਿਆਦ, ਗ਼ੈਰਕਾਨੂੰਨੀ ਤੇ ਮਹੱਤਵਹੀਣ’ ਕਰਾਰ ਦਿੰਦਿਆਂ, ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ (ਵੀਸੀਪੀਐਲ) ਨੇ ਕਿਹਾ ਕਿ ਹੋਲਡਿੰਗ ਫਰਮ ‘ਤੁਰੰਤ ਆਪਣੀ ਜ਼ਿੰਮੇਵਾਰੀ ਅਦਾ ਕਰਨ ਲਈ ਪਾਬੰਦ ਹੈ ਤੇ ਇਸ ਨੂੰ ਜਲਦੀ ਤੋਂ ਜਲਦੀ ਇਕੁਇਟੀ ਸ਼ੇਅਰ ਅਲਾਟ ਕਰਨੇ ਚਾਹੀਦੇ ਹਨ’। ਇਕ ਰੈਗੂਲੇਟਰੀ ਅਪਡੇਟ ਵਿਚ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ ਨੇ ਕਿਹਾ ਕਿ ਵੀਸੀਪੀਐਲ ਨੂੰ ਐੱਨਡੀਟੀਵੀ ਤੇ ਆਰਆਰਪੀਆਰ ਲਈ ਉਨ੍ਹਾਂ ਵੱਲੋਂ ਜਵਾਬ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਕ ਜਵਾਬ ਵਿਚ ਐੱਨਡੀਟੀਵੀ ਤੇ ਆਰਆਰਪੀਆਰ ਨੇ ਕਿਹਾ ਸੀ ਕਿ ‘ਸੇਬੀ’ ਨੇ ਪਿਛਲੇ ਸਾਲ 27 ਨਵੰਬਰ ਨੂੰ ਪ੍ਰਣਯ ਤੇ ਰਾਧਿਕਾ ਖ਼ਿਲਾਫ਼ ਹੁਕਮ ਪਾਸ ਕੀਤਾ ਸੀ, ਤੇ ਉਨ੍ਹਾਂ ਨੂੰ ਸਕਿਉਰਿਟੀ ਮਾਰਕੀਟ ’ਚ ਹਿੱਸਾ ਲੈਣ ਤੋਂ ਰੋਕ ਦਿੱਤਾ ਸੀ। ਇਸ ਲਈ ਸ਼ੇਅਰ ਅਲਾਟਮੈਂਟ ਲਈ ‘ਸੇਬੀ’ ਤੋਂ ਲਿਖਤੀ ਪ੍ਰਵਾਨਗੀ ਲੈਣੀ ਪਵੇਗੀ। -ਪੀਟੀਆਈ