ਡੀਪੀਐੱਸ ਬਤਰਾ
ਸਮਰਾਲਾ, 16 ਜੁਲਾਈ
ਇਥੋਂ ਦੀ ਪੁਲੀਸ ਨੇ ਫੇਸਬੁੱਕ ’ਤੇ ਨਿਊਜ਼ ਚੈਨਲ ਚਲਾ ਰਹੇ ਇਕ ਵਿਅਕਤੀ ਅਤੇ ਉਸ ਦੇ ਦੋ ਸਾਥੀਆਂ ਉੱਤੇ ਪੱਤਰਕਾਰੀ ਦੀ ਆੜ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕੋਲੋਂ 2 ਲੱਖ ਰੁਪਏ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਵਿਅਕਤੀ ਬਿਨਾਂ ਕਿਸੇ ਸਰਕਾਰੀ ਮਾਨਤਾ ਦੇ ਗੈਰ-ਕਾਨੂੰਨੀ ਤਰੀਕੇ ਨਾਲ ਫੇਸਬੁੱਕ ਰਾਹੀਂ ਵੈੱਬ ਚੈਨਲ ਚਲਾ ਰਹੇ ਸੀ ਅਤੇ ਖੁੱਦ ਨੂੰ ਪੱਤਰਕਾਰ ਦੱਸਦੇ ਸੀ। ਜਦਕਿ ਪੜਤਾਲ ਦੌਰਾਨ ਉਹ ਪੱਤਰਕਾਰ ਹੋਣ ਬਾਰੇ ਕੋਈ ਸਨਾਖ਼ਤ ਅਤੇ ਕੋਈ ਹੋਰ ਦਸਤਾਵੇਜ਼ ਪੁਲੀਸ ਅੱਗੇ ਪੇਸ਼ ਨਹੀਂ ਕਰ ਸਕੇ। ਸ਼ਿਕਾਇਤਕਰਤਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦਾ ਇਕ ਪਲਾਟ ਅਤੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਇਥੋਂ ਦੇ ਹੀ ਇਕ ਵਿਅਕਤੀ ਨਾਲ ਝਗੜਾ ਸੀ। ਇਕ ਫੇਸਬੁੱਕ ਪੱਤਰਕਾਰ ਅਤੇ ਉਸ ਦੇ ਕੈਮਰਾਮੈਨ ਨੇ ਉਸ ਦਾ ਇਕ ਗਲਤ ਵੀਡੀਓ ਕਲਿੱਪ ਬਣਾ ਲਿਆ ਅਤੇ ਧਮਕੀ ਦਿੱਤੀ ਕਿ ਉਹ ਉਸ ਦਾ ਸਿਆਸੀ ਕਰੀਅਰ ਤੇ ਪਰਿਵਾਰ ਦੀ ਸਾਖ ਨੂੰ ਖਰਾਬ ਕਰ ਦੇਣਗੇ। ਉਨ੍ਹਾਂ ਨੇ ਇਸ ਬਦਲੇ 2 ਲੱਖ ਰੁਪਏ ਅਤੇ ਇਕ ਪਲਾਟ ਦੀ ਮੰਗ ਕੀਤੀ। ਉਸ ਨੇ ਦੋ ਲੱਖ ਰੁਪਏ ਦੇ ਦਿੱਤੇ। ਜਦੋਂ ਉਨ੍ਹਾਂ ਨੇ ਪਲਾਟ ਦੀ ਮੰਗ ਕੀਤੀ ਤਾਂ ਉਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਸ਼ਿਕਾਇਤ ਮਿਲਣ ’ਤੇ ਚਰਨ ਸਿੰਘ, ਅਰਸ਼ਪ੍ਰੀਤ ਸਿੰਘ ਤੇ ਕਰਮਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।