ਪੱਤਰ ਪ੍ਰੇਰਕ
ਬਠਿੰਡਾ, 7 ਅਪਰੈਲ
ਪੰਜਾਬ ਵਿੱਚ ਰੋਜ਼ਾਨਾ ਵਧ ਰਹੀਆਂ ਕਤਲ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ’ਤੇ ਫਿਕਰ ਜ਼ਾਹਿਰ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਦੀ ‘ਆਪ’ ਸਰਕਾਰ ’ਤੇ ਸਵਾਲ ਚੁੱਕੇ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਅਪਰਾਧ ਅਤੇ ਨਸ਼ਿਆਂ ਨੂੰ ਨੱਥ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਬਾਹਰੀ ਸੂਬਿਆਂ ਵਿੱਚ ਚੋਣ ਪ੍ਰਚਾਰ ਲਈ ਰੁੱਝੇ ਹੋਏ ਹਨ, ਜਦ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਵਧ ਰਹੇ ਅਪਰਾਧਾਂ ਦਾ ਗ੍ਰਾਫ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਪੰਜਾਬ ਵਿੱਚ ਜੰਗਲ ਰਾਜ ਬਣ ਰਿਹਾ ਹੈ। ਪੱਤਰਕਾਰਾਂ ਨੇ ਕੇਂਦਰ ਵੱਲੋਂ ਲਏ ਗਏ ਪੰਜਾਬ ਫ਼ੈਸਲਿਆਂ ’ਤੇ ਭਾਜਪਾ ਪ੍ਰਧਾਨ ਨੂੰ ਸਵਾਲ ਪੁੱਛੇ ਪਰ ਭਾਜਪਾ ਪ੍ਰਧਾਨ ਨੇ ਸਾਰੇ ਸਵਾਲਾਂ ਨੂੰ ਟਾਲਦਿਆਂ ਕਿਹਾ ਕਿ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਦਾ ਰਿਵਾਜ ਬਣ ਗਿਆ ਹੈ ਕਿ ਉਹ ਹਰ ਕੇਂਦਰੀ ਫ਼ੈਸਲੇ ਨੂੰ ਪੰਜਾਬ ਵਿਰੋਧੀ ਮੰਨਦੇ ਹਨ।