ਚਰਨਜੀਤ ਭੁੱਲਰ
ਚੰਡੀਗੜ੍ਹ, 26 ਅਗਸਤ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇੱਥੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਵਿੱਚ ਸਿੱਖ ਸੰਗਤ ਨੂੰ ਛੇਤੀ ਇਨਸਾਫ਼ ਦੇਵੇਗੀ। ਇਨ੍ਹਾਂ ਘਟਨਾਵਾਂ ਦੀ ਪਿਛਲੇ ਸਮੇਂ ਦੌਰਾਨ ਨਿਰਪੱਖ ਜਾਂਚ ਨਹੀਂ ਹੋ ਸਕੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਣੇ ਸਵਾਰਥਾਂ ਲਈ ਘਿਉ ਖਿਚੜੀ ਸਨ। ਸ੍ਰੀ ਧਾਲੀਵਾਲ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਕਾਂਗਰਸ ਤੇ ਅਕਾਲੀ ਸਰਕਾਰਾਂ ਦੇ ਨਾਪਾਕ ਇਰਾਦਿਆਂ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਤੇ ਉਸ ਤੋਂ ਬਾਅਦ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਹਾਲੇ ਤੱਕ ਨਿਆਂ ਨਹੀਂ ਮਿਲ ਸਕਿਆ। ਸ੍ਰੀ ਧਾਲੀਵਾਲ ਨੇ ਸੁਖਬੀਰ ਬਾਦਲ ਵੱਲੋਂ ਗੋਲੀ ਚਲਾਉਣ ਦੇ ਹੁਕਮਾਂ ਤੋਂ ਇਨਕਾਰ ਕਰਨ ਦੇ ਸੁਆਲ ’ਤੇ ਕਿਹਾ ਕਿ ਸੁਖਬੀਰ ਬਾਦਲ ਝੂਠ ਬੋਲ ਰਹੇ ਹਨ ਕਿਉਂਕਿ ਕੋਈ ਵੀ ਪੁਲੀਸ ਅਧਿਕਾਰੀ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਗੋਲੀ ਨਹੀਂ ਚਲਾ ਸਕਦਾ। ਹੁਣ ‘ਸਿਟ’ (ਵਿਸ਼ੇਸ਼ ਜਾਂਚ ਟੀਮ) ਨੇ ਸ੍ਰੀ ਬਾਦਲ ਨੂੰ ਤਲਬ ਕੀਤਾ ਹੈ ਅਤੇ ਨਿਰਪੱਖ ਜਾਂਚ ਦੌਰਾਨ ਸਾਰੇ ਤੱਥ ਸਾਹਮਣੇ ਆ ਜਾਣਗੇ। ਉਨ੍ਹਾਂ ਨੇਸੁਖਬੀਰ ਬਾਦਲ ਨੂੰ ਇਹ ਸਪੱਸ਼ਟ ਕਰਨ ਦੀ ਚੁਣੌਤੀ ਦਿੱਤੀ ਕਿ ਕੀ ਗੋਲੀਬਾਰੀ ਵਾਲੇ ਦਿਨ ਕੋਟਕਪੂਰਾ ਵਿੱਚ ਮੌਜੂਦ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿਚ ਸਨ। ਕਿਸ ਦੇ ਹੁਕਮ ’ਤੇ ਅਫ਼ਸਰਾਂ ਨੇ ਗੋਲੀ ਚਲਾਈ, ਕੀ ਉਸ ਨੇ ਅਫ਼ਸਰਾਂ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ। ਗ੍ਰਹਿ ਮੰਤਰੀ ਹੋਣ ਦੇ ਨਾਤੇ, ਕੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ। ਜੇ ਅਫ਼ਸਰਾਂ ਨੇ ਖ਼ੁਦ ਹੀ ਗੋਲੀ ਚਲਾਈ ਤਾਂ ਬਤੌਰ ਗ੍ਰਹਿ ਮੰਤਰੀ ਸੁਖਬੀਰ ਨੇ ਉਨ੍ਹਾਂ ਖ਼ਿਲਾਫ਼ ਕੀ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਛੇਤੀ ਕਾਨੂੰਨ ਅਨੁਸਾਰ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।