ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 3 ਜੂਨ
ਸਿੱਖ ਕਤਲੇਆਮ ਤੋਂ ਪੀੜਤ ਦਿੱਲੀ ਤੋਂ ਆ ਕੇ ਮੁਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿ ਰਹੇ ਦੰਗਾ ਪੀੜਤ ਪਰਿਵਾਰ ਇਨਸਾਫ਼ ਪ੍ਰਾਪਤੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਨਵੰਬਰ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਨੇ ਅੱਜ ਲਾਭਪਾਤਰੀ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸਬੂਤਾਂ ਦੀ ਗੱਠੜੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ ਹੈ। ਸਬੂਤਾਂ ਵਿੱਚ ਹੁਣ ਤੱਕ ਹੋਈਆਂ ਵੱਖ-ਵੱਖ ਪੜਤਾਲਾਂ ਅਤੇ ਉੱਚ ਅਦਾਲਤਾਂ ਦੇ ਦੰਗਾ ਪੀੜਤਾਂ ਦੇ ਹੱਕ ਵਿੱਚ ਹੋਏ ਫ਼ੈਸਲੇ ਦੀਆਂ ਜੱਜਮੈਂਟਾਂ ਵੀ ਮੌਜੂਦ ਹਨ। ਡੀਸੀ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇਨਸਾਫ਼ ਲਈ ਭਟਕ ਰਹੇ ਹਨ ਪਰ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੇ ਸਾਲ 2009 ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਸਾਲ 2010 ਵਿੱਚ ਹਾਈ ਕੋਰਟ ਵੱਲੋਂ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਦੰਗਾ ਪੀੜਤਾਂ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਗਿਆ ਸੀ ਪਰ ਹੁਣ ਤੱਕ ਸਾਰੇ ਅਤੇ ਅਸਲ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਨਹੀਂ ਮਿਲੇ। ਦੰਗਾ ਪੀੜਤਾਂ ਲਈ ਬਣਾਏ ਗਏ ਬਹੁਤ ਸਾਰੇ ਮਕਾਨਾਂ ਉੱਤੇ ਅੱਜ ਵੀ ਸਿਆਸੀ ਆਗੂਆਂ, ਗੈਰ ਦੰਗਾ ਪੀੜਤਾਂ ਪਰਿਵਾਰਾਂ ਅਤੇ ਪੁਲੀਸ ਮੁਲਾਜ਼ਮਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।
ਨੇਮਾਂ ਤਹਿਤ ਬਣਦੀ ਕਾਰਵਾਈ ਹੋਵੇਗੀ: ਏਡੀਸੀ
ਮੁਹਾਲੀ ਦੀ ਏਡੀਸੀ (ਜਨਰਲ) ਆਸ਼ਿਕਾ ਜੈਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਅੱਜ ਹੀ ਦੰਗਾ ਪੀੜਤ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੁੱਝ ਦਸਤਾਵੇਜ਼ ਸੌਂਪੇ ਹਨ। ਉਨ੍ਹਾਂ ਦੱਸਿਆ ਕਿ ਦੰਗਾ ਪੀੜਤਾਂ ਨੂੰ ਮਕਾਨ ਅਲਾਟ ਕਰਨ ਬਾਰੇ ਕੇਸ ਦੀ ਸੁਣਵਾਈ ਭਲਕੇ 4 ਜੂਨ ਨੂੰ ਜ਼ਿਲ੍ਹਾ ਮੈਜਿਸਟਰੇਟ ਦੀ ਅਦਾਲਤ ਵਿੱਚ ਹੋਵੇਗੀ, ਜਿੱਥੇ ਦੰਗਾ ਪੀੜਤ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਨੇਮਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।