ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਜੂਨ
ਪਰਿਵਾਰ ਦੀ ਮਰਜੀ ਤੋਂ ਬਿਨਾਂ ਪ੍ਰੇਮ ਵਿਆਹ ਕਰਾਉਣ ਦੇ ਇਕ ਮਾਮਲੇ ਵਿੱਚ ਇਕ ਕੁੜੀ ਦੇ ਭਰਾ ਵੱਲੋਂ ਆਪਣੇ ਜੀਜੇ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਕੇ ਜਾਨੋਂ ਮਾਰਨ ਦਾ ਯਤਨ ਕੀਤਾ ਹੈ। ਇਹ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ ਤੇ ਉਸਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕੀਤਾ ਗਿਆ।
ਇਹ ਘਟਨਾ ਅੱਜ ਬਾਅਦ ਦੁਪਹਿਰ ਇਥੇ ਮਾਨਾਂਵਾਲਾ ਕੋਲ ਇਲਾਕੇ ਵਿਚ ਵਾਪਰੀ ਹੈ। ਜਿਸ ਵਿੱਚ ਅੰਮ੍ਰਿਤਪਾਲ ਸਿੰਘ ਨਾਂ ਦਾ ਨੌਜਵਾਨ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਹੈ। ਜ਼ਖਮੀ ਹੋਏ ਨੌਜਵਾਨ ਦੀ ਪਤਨੀ ਕਿਰਨ ਨੇ ਪੁਲੀਸ ਨੂੰ ਦੱਸਿਆ ਕਿ ਇਹ ਗੋਲੀਆਂ ਉਸਦੇ ਭਰਾ ਵਲੋਂ ਚਲਾਈਆਂ ਗਈਆਂ ਹਨ। ਉਸਨੇ ਦੱਸਿਆ ਕਿ ਉਹ ਅਤੇ ਉਸਦਾ ਪਤੀ ਕਿਸੇ ਕੰਮ ਨੂੰ ਲੈ ਕੇ ਮਾਨਾਂਵਾਲਾ ਵਿਖੇ ਗਏ ਸਨ ਅਤੇ ਜਦੋਂ ਆਟੋ ਰਿਕਸ਼ਾ ਰਾਹੀਂ ਆਪਣੇ ਘਰ ਕ੍ਰਿਸ਼ਨਾ ਨਗਰ ਵੱਲ ਵਾਪਸ ਆ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਆਟੋ ਰਿਕਸ਼ਾ ਨੂੰ ਰੋਕਿਆ ਤੇ ਗੋਲੀਆਂ ਚਲਾਈਆਂ। ਇਸ ਘਟਨਾ ਦੌਰਾਨ ਦੋ ਗੋਲੀਆਂ ਅੰਮ੍ਰਿਤਪਾਲ ਸਿੰਘ ਨੂੰ ਲੱਗੀਆਂ ਹਨ। ਕਿਰਨ ਨੇ ਦੱਸਿਆ ਕਿ ਅਪਰੈਲ ਮਹੀਨੇ ਵਿਚ ਉਸਨੇ ਅਤੇ ਅੰਮ੍ਰਿਤਪਾਲ ਦੋਵਾਂ ਨੇ ਕੋਰਟ ਮੈਰਿਜ ਕੀਤੀ ਸੀ। ਇਸ ਵਿਆਹ ਲਈ ਉਸਦੇ ਪਰਿਵਾਰ ਵਾਲੇ ਸਹਿਮਤ ਨਹੀਂ ਸਨ। ਇਸੇ ਕਾਰਨ ਉਸਦੇ ਭਰਾ ਵਲੋਂ ਅੱਜ ਉਸਦੇ ਪਤੀ ’ਤੇ ਗੋਲੀ ਚਲਾਈ ਗਈ ਹੈ।
ਕੁੜੀ ਤੇ ਮੁੰਡੇ ਦੋਵਾਂ ਨੇ ਮਰਜੀ ਨਾਲ ਕੋਰਟ ਮੈਰਿਜ ਕੀਤੀ ਸੀ। ਇਸ ਦੌਰਾਨ ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਜਾਵੇਗਾ।