ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਦਸੰਬਰ
ਇਥੇ ਤਿੰਨ ਦਿਨਾਂ ਤੋਂ ਚੱਲ ਰਿਹਾ 146ਵਾਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਸਮਾਪਤ ਹੋ ਗਿਆ। ਸ੍ਰੀ ਦੇਵੀ ਤਲਾਬ ਮੰਦਰ ਵਿਖੇ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਕਲਾਕਾਰਾਂ ਨੇ ਆਪਣੀ ਕਲਾ ਨਾਲ ਸਰੋਤਿਆਂ ਨੂੰ ਕੀਲਿਆ। ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਚਾਰ ਸਾਲਾਂ ਬਾਅਦ ਹੋਣ ਵਾਲੇ 150ਵੇਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਹੁਣ ਤੋਂ ਹੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 150ਵਾਂ ਸੰਗੀਤ ਸੰਮੇਲਨ ਅਜਿਹਾ ਹੋਵੇ ਕਿ ਇਸ ਨੂੰ ਇਤਿਹਾਸਕ ਸੰਗੀਤ ਸੰਮੇਲਨ ਵਜੋਂ ਯਾਦ ਰੱਖਿਆ ਜਾਵੇ। ਸਮਾਗਮ ’ਚ ਕੇਂਦਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਹਾਸਭਾ ਦੇ ਚੇਅਰਮੈਨ ਸ਼ੀਤਲ ਵਿੱਜ ਅਤੇ ਪ੍ਰਧਾਨ ਪੂਰਨਿਮਾ ਬੇਰੀ ਨੇ ਵੀ ਸਮਾਗਮ ਦੀ ਸਫ਼ਲਤਾ ਲਈ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸੇ ਦੌਰਾਨ 2019 ਦੇ ਹਰਿਵੱਲਭ ਸੰਗੀਤ ਮੁਕਾਬਲਿਆਂ ਦੇ ਜੇਤੂ ਮਨੋਜ ਸੋਲੰਕੀ ਨੇ ਪਖਾਵਜ ’ਤੇ ਆਪਣੀ ਪੇਸ਼ਕਾਰੀ ਦੇ ਕੇ ਸਭ ਦਾ ਮਨ ਮੋਹ ਲਿਆ। ਡਾ. ਅਲੰਕਾਰ ਸਿੰਘ ਨੇ ਆਪਣੇ ਗਾਇਨ ਨਾਲ ਵਾਹ-ਵਾਹ ਖੱਟੀ। ਸੁਭਾਸ਼ ਘੋਸ਼ ਨੇ ਆਪਣੇ ਵੱਲੋਂ ਨਵੇਂ ਈਜ਼ਾਦ ਕੀਤੇ ਗਏ ਸਰਸਵਾਣੀ ਵਾਦਨ ’ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸਾਨੀਆ ਪਤਨਕਰ ਨੇ ਆਪਣੇ ਗਾਇਨ ਤੇ ਸੁਧੀਰ ਪਾਂਡੇ ਦੀ ਤਬਲੇ ’ਤੇ ਦਿੱਤੀ ਪੇਸ਼ਕਾਰੀ ਨੇ ਸਮਾਂ ਬੰਨ੍ਹ ਦਿੱਤਾ। ਸਟੇਜ ਸੰਚਾਲਨ ਸੰਗਤ ਰਾਮ ਤੇ ਕੁਲਵਿੰਦਰ ਦੀਪ ਕੌਰ ਨੇ ਬਾਖੂਬੀ ਕੀਤਾ। ਸੰਮੇਲਨ ਦੌਰਾਨ ਪੰਜ ਦਿਨਾਂ ਸ਼ਿਲਪ ਮੇਲਾ ਵੀ ਲਾਇਆ ਗਿਆ। ਮੇਲੇ ’ਚ ਦੇਸ਼ ਦੇ 11 ਸੂਬਿਆਂ ਤੋਂ ਆਏ ਹਸਤਸ਼ਿਲਪਕਾਰਾਂ ਨੇ ਦਰਜਨ ਤੋਂ ਵੱਧ ਸਟਾਲ ਲਾਏ, ਜਿਨ੍ਹਾਂ ’ਚ ਵੱਖ-ਵੱਖ ਸੂਬਿਆਂ ਦੇ ਉਤਪਾਦਾਂ ਨੂੰ ਪ੍ਰਦਰਸ਼ਤ ਕੀਤਾ ਗਿਆ। ਇਨ੍ਹਾਂ ’ਚ ਯੂਪੀ ਦੀ ਬਨਾਰਸੀ ਸਾੜੀ, ਨਾਗਪੁਰ ਦੇ ਗਹਿਣੇ ਤੇ ਪੰਜਾਬੀ ਜੁੱਤੀਆਂ ਦੇ ਸਟਾਲਾਂ ’ਤੇ ਔਰਤਾਂ ਦੀ ਤੇ ਪੁਸਤਕਾਂ ਦੇ ਸਟਾਲਾਂ ’ਤੇ ਬਜ਼ੁਰਗਾਂ ਦੀ ਭੀੜ ਲੱਗੀ ਰਹੀ।