ਨਵੀਂ ਦਿੱਲੀ, 7 ਅਪਰੈਲ
ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਕਾਂਗਰਸ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਉਥੇ ਪਹੁੰਚ ਗਈ ਹੈ। ਉਂਜ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪ੍ਰਸਾਂਤ ਕਿਸ਼ੋਰ ਕਾਂਗਰਸ ’ਚ ਸ਼ਾਮਲ ਹੋਣਗੇ ਜਾਂ ਨਹੀਂ। ਕਾਂਗਰਸ ਲੀਡਰਸ਼ਿਪ ਨੇ ਸਿਆਸੀ ਰਣਨੀਤੀਕਾਰ ਨਾਲ ਗੁਜਰਾਤ ’ਚ ਕੰਮ ਕਰਨ ਲਈ ਦੋ ਗੇੜ ਦੀ ਗੱਲਬਾਤ ਕੀਤੀ ਹੈ ਜਿਥੇ ਉਹ 1989 ਤੋਂ ਸੱਤਾ ਤੋਂ ਬਾਹਰ ਹੈ। ਗੁਜਰਾਤ ਕਾਂਗਰਸ ਦੇ ਸੂਤਰਾਂ ਨੇ ਕਿਹਾ ਕਿ ਰਣਨੀਤੀਕਾਰ ਨਾਲ ਕੋਈ ਰਸਮੀ ਗੱਠਜੋੜ ਨਹੀਂ ਹੈ ਪਰ ਪਾਰਟੀ ਉਸ ਦੀਆਂ ਸੇਵਾਵਾਂ ਲੈਣ ਲਈ ਪੱਬਾਂ ਭਾਰ ਹੈ ਅਤੇ ਇਸ ਬਾਰੇ ਕੇਂਦਰੀ ਲੀਡਰਸ਼ਿਪ ਵੱਲੋਂ ਛੇਤੀ ਹੀ ਫ਼ੈਸਲਾ ਲਿਆ ਜਾਵੇਗਾ। ਪ੍ਰਸ਼ਾਂਤ ਕਿਸ਼ੋਰ ਨੇ ਇਸ ਖ਼ਬਰ ਦੀ ਤਸਦੀਕ ਲਈ ਭੇਜੇ ਸੁਨੇਹਿਆਂ ਦਾ ਜਵਾਬ ਨਹੀਂ ਦਿੱਤਾ ਪਰ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਪਿਛਲੇ ਦੋ ਹਫ਼ਤਿਆਂ ’ਚ ਗਾਂਧੀ ਪਰਿਵਾਰ ਨਾਲ ਕਈ ਵਾਰ ਮੁਲਾਕਾਤਾਂ ਕੀਤੀਆਂ ਹਨ। ਉਂਜ ਦੋਵੇਂ ਧਿਰਾਂ ਇਸ ਮੁੱਦੇ ਬਾਰੇ ਖਾਮੋਸ਼ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ’ਚ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲੈਣ ਦੇ ਮੁੱਦੇ ’ਤੇ ਸੂਬੇ ਦੇ ਪਾਰਟੀ ਆਗੂਆਂ ਅਤੇ ਰਾਹੁਲ ਗਾਂਧੀ ਵਿਚਕਾਰ 24 ਮਾਰਚ ਨੂੰ ਮੀਟਿੰਗ ਹੋਈ ਸੀ। ਪਾਰਟੀ ਨੇ ਕਿਸ਼ੋਰ ਦੇ ਨੇੜਲੇ ਸਾਥੀ ਦੀਆਂ ਬਿਨਾਂ ਕਿਸੇ ਸ਼ਰਤ ਦੇ ਸੇਵਾਵਾਂ ਲਈਆਂ ਹਨ।
ਸੂਤਰਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਪਾਟੀਦਾਰ ਆਗੂ ਨਰੇਸ਼ ਪਟੇਲ ਨੂੰ ਪਾਰਟੀ ’ਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਗੁਜਰਾਤ ਦੇ ਕਾਂਗਰਸ ਆਗੂਆਂ ਦਾ ਮੰਨਣਾ ਹੈ ਕਿ ਨਰੇਸ਼ ਪਟੇਲ ਸੌਰਾਸ਼ਟਰ ਖ਼ਿੱਤੇ ’ਚ ਪਾਰਟੀ ਦੀ ਜਿੱਤ ਯਕੀਨੀ ਬਣਾ ਸਕਦਾ ਹੈ ਅਤੇ ਪ੍ਰਸ਼ਾਂਤ ਕਿਸ਼ੋਰ ਰਣਨੀਤੀ ਬਣਾਉਣ ’ਚ ਸਹਾਇਤਾ ਕਰ ਸਕਦਾ ਹੈ। -ਆਈਏਐਨਐਸ