ਹਰਜੀਤ ਸਿੰਘ
ਡੇਰਾਬੱਸੀ, 6 ਮਈ
ਸੂਬੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਤੋਂ ਬਾਅਦ ਨਵੇਂ ਬਣੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਰ ਹਲਕੇ ਵਿੱਚ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਡੇਰਾਬੱਸੀ ਦਾ ਵੀ ਦੌਰਾ ਕੀਤਾ ਗਿਆ। ਇਸ ਦੌਰਾਨ ਕਾਂਗਰਸ ਪਾਰਟੀ ਦੇ ਆਗੂ ਦੀਪਇੰਦਰ ਸਿੰਘ ਢਿੱਲੋਂ ਅਤੇ ਉਦੈਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਖਟੀਕ ਧਰਮਸ਼ਾਲਾ ਵਿੱਚ ਪ੍ਰੋਗਰਾਮ ਰੱਖਿਆ ਗਿਆ। ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਕਿਸੇ ਹੋਰ ਪਾਰਟੀ ਨੇ ਨਹੀਂ ਸਗੋਂ ਇਸੇ ਪਾਰਟੀ ਦੇ ਆਗੂਆਂ ਨੇ ਹਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਨਾ ਹੋਣ ਕਾਰਨ ਲੰਘੀ ਚੋਣਾਂ ਵਿੱਚ ਪਾਰਟੀ ਦੀ ਹਾਰ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਨੂੰ ਹਰ ਕੀਮਤ ’ਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਅਸਿੱਧੇ ਤੌਰ ’ਤੇ ਨਵਜੋਤ ਸਿੰਘ ਸਿੱਧੂ ’ਤੇ ਵਰਦਿਆਂ ਕਿਹਾ ਕਿ ਪਾਰਟੀ ਤੋਂ ਉੱਤੇ ਕੋਈ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਤੋਂ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਫੇਲ੍ਹ ਹੋ ਗਏ।
ਕਾਂਗਰਰੀ ਕੌਂਸਲਰ ਰਹੇ ਗੈਰਹਾਜ਼ਰ
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦੇ ਪ੍ਰੋਗਰਾਮ ਦੌਰਾਨ ਕਾਂਗਰਸ ਦੇ ਡੇਰਾਬੱਸੀ ਤੋਂ ਵੱਡੀ ਗਿਣਤੀ ਕੌਂਸਲਰ ਗੈਰਹਾਜ਼ਰ ਰਹੇ, ਜੋ ਪੂਰੇ ਸਮਾਗਮ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਸਬੰਧੀ ਸ੍ਰੀ ਵੜਿੰਗ ਨੇ ਕਿਹਾ ਕਿ ਜੋ ਪਾਰਟੀ ਛੱਡ ਕੇ ਜਾਣਾ ਚਾਹੁੰਦਾ ਹੈ, ਉਸ ਨੂੰ ਕੋਈ ਨਹੀਂ ਰੋਕ ਸਕਦਾ, ਉਹ ਜਿਥੇ ਮਰਜ਼ੀ ਜਾ ਸਕਦਾ ਹੈ।