ਭੁੱਚੋ ਮੰਡੀ: ਪਿਛਲੇ ਕਰੀਬ 24 ਦਿਨਾਂ ਤੋਂ ਤਨਖਾਹ ਅਤੇ ਨੌਕਰੀ ਲਈ ਲਗਾਤਾਰ ਸੰਘਰਸ਼ ਕਰ ਰਹੇ ਲਹਿਰਾ ਬੇਗਾ ਟੌਲ ਪਲਾਜ਼ਾ ਦੇ ਕਰਮਚਾਰੀਆਂ ਦੀ ਹਾਲੇ ਤੱਕ ਕਿਸੇ ਨੇ ਸਾਰ ਨਹੀਂ ਲਈ। ਠੇਕੇਦਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਚੁੱਪ ਤੋਂ ਭੜਕੇ ਮੁਲਾਜ਼ਮਾਂ ਵੱਲੋਂ ਦਫ਼ਤਰ ਦਾ ਅਣਮਿਥੇ ਸਮੇਂ ਲਈ ਕੀਤਾ ਘਿਰਾਓ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਉਨ੍ਹਾਂ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਬਣਦੀ ਤਨਖਾਹ ਦਿੱਤੀ ਜਾਵੇ ਅਤੇ ਨੌਕਰੀ ਬਰਕਰਾਰ ਰੱਖੀ ਜਾਵੇ। ਅਜਿਹਾ ਨਾ ਕਰਨ ’ਤੇ ਠੇਕਾ ਕੰਪਨੀ ਦੇ ਅਧਿਕਾਰੀਆਂ ਨੂੰ ਦਫ਼ਤਰ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਦਫਤਰ ਦਾ ਦਿਨ ਰਾਤ ਘਿਰਾਓ ਜਾਰੀ ਰਹੇਗਾ। ਇਸ ਮੌਕੇ ਸਰਬਜੀਤ ਸਿੰਘ, ਜਗਸੀਰ ਫੂਲ, ਦਵਿੰਦਰ ਚਾਂਦੀ, ਰਾਜਦੀਪ ਸਿੰਘ ਨੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।
-ਪੱਤਰ ਪ੍ਰੇਰਕ