ਰਵੇਲ ਸਿੰਘ ਭਿੰਡਰ
ਪਟਿਆਲਾ, 19 ਨਵੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਚਾਰ ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲ ਯੂਨੀਵਰਸਿਟੀ ਨੂੰ ਸਾਰੇ ਕੋਰਸਾਂ ਦੇ ਸਾਰੇ ਵਿਦਿਆਰਥੀਆਂ ਲਈ ਪੂਰਨ ਰੂਪ ਵਿੱਚ ਖੋਲ੍ਹਣ ਦੀ ਮੰਗ ਸਬੰਧੀ ਵਿਦਿਆਰਥੀਆਂ ਦੀ ਖੁੱਲ੍ਹੀ ਮੀਟਿੰਗ ਕੀਤੀ ਗਈ। ਇਸਤੋਂ ਬਾਅਦ ਯੂਨੀਵਰਸਿਟੀ ਵਿੱਚ ਮਾਰਚ ਕੱਢਣ ਤੋਂ ਬਾਅਦ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕਰਕੇ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪਿਆ ਗਿਆ। ਮਗਰੋਂ ਮੀਟਿੰਗ ਦੇ ਫੈਸਲੇ ਮੁਤਾਬਕ ਵਿਦਿਆਰਥੀਆਂ ਨੇ ਹੋਸਟਲਾਂ ਵਿੱਚ ਜਾਕੇ ਖੁਦ ਆਪਣੇ ਕਮਰੇ ਖੋਲ੍ਹ ਕੇ ਰਸਮੀ ਤੌਰ ’ਤੇ ਯੂਨੀਵਰਸਿਟੀ ਖੁੱਲ੍ਹਣ ਦਾ ਐਲਾਨ ਵੀ ਕੀਤਾ ਗਿਆ। ਚਾਰਾਂ ਜਥੇਬੰਦੀਆਂ ਦੇ ਆਗੂਆਂ ਦੇ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਖੁੱਲ੍ਹਣ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਜਿਸ ਵਿੱਚ ਸਾਰੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਖੋਲ੍ਹਣ, ਹੋਸਟਲ ਦੀਆਂ ਸੀਟਾਂ ਪਹਿਲਾਂ ਜਿੰਨੀਆਂ ਬਰਕਰਾਰ ਰੱਖਣ, ਅਗਲੇ ਸਮੈਸਟਰ ਦੀ ਫੀਸ ਅਗਲਾ ਸਮੈਸਟਰ ਸ਼ੁਰੂ ਹੋਣ ਤੋਂ ਬਾਅਦ ਭਰਨ, ਆਨਲਾਈਨ ਕਲਾਸਾਂ ਨਾਲ਼ ਆ ਰਹੀਆਂ ਦਿੱਕਤਾਂ ਤੇ ਹੋਰ ਸਮੱਸਿਆਵਾਂ ਸਾਹਮਣੇ ਆਈਆਂ। ਮੁਜ਼ਾਹਰੇ ਨੂੰ ਪੀਐਸਯੂ (ਲਲਕਾਰ) ਦੀ ਸਸ਼੍ਰਿਟੀ, ਏਆਈਐੱਸਐੱਫ ਦੇ ਵਰਿੰਦਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਅੰਮ੍ਰਿਰਤਪਾਲ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਗੁਰਪ੍ਰੀਤ, ਲਖਵਿੰਦਰ, ਕਮਲਦੀਪ ਜਲੂਰ, ਰਾਹੁਲ, ਨਵਜੋਤ, ਨੇਹਾ, ਰਣਦੀਪ, ਸੰਦੀਪ ਤੇ ਹੋਰ ਵਿਦਿਆਰਥੀ ਆਗੂ ਹਾਜ਼ਰ ਸਨ। ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜੇ ਯੂਨੀਵਰਸਿਟੀ ਵੱਲੋਂ ਸਾਰੇ ਵਿਦਿਆਰਥੀਆਂ ਦੀ ਪੜਾਈ ਸ਼ੁਰੂ ਨਹੀਂ ਕਰਵਾਈ ਜਾਂਦੀ ਤਾਂ ਉਹ ਅਧਿਆਪਕਾਂ ਤੇ ਖੋਜਾਰਥੀਆਂ ਨਾਲ ਗੱਲ ਕਰਕੇ ਆਉਂਦੇ ਸੋਮਵਾਰ ਤੋਂ ਵਿਦਿਆਰਥੀ ਦੀ ਪੜਾਈ ਦਾ ਵੀ ਪ੍ਰਬੰਧ ਕਰਨਗੇ।
ਅਜਿਹੇ ਵਿੱਚ ਸਾਂਝੇ ਵਿਦਿਆਰਥੀ ਮੋਰਚੇ ਨੇ ਇਹ ਵੀ ਫੈਸਲਾ ਲਿਆ ਕਿ ਵਿਦਿਆਰਥੀ ਅਗਲੇ ਸਮੈਸਟਰ ਵਾਲੀ ਫੀਸ ਦਾ ਬਾਈਕਾਟ ਕਰਦੇ ਹਨ ਤੇ ਯੂਨੀਵਰਸਿਟੀ ਚਾਲੂ ਹੋਣ ਤੇ ਅਗਲਾ ਸਮੈਸਟਰ ਸ਼ੁਰੂ ਹੋਣ ਤੋਂ ਬਾਅਦ ਹੀ ਵਿਦਿਆਰਥੀ ਅਗਲੇ ਸਮੈਸਟਰ ਦੀ ਫੀਸ ਭਰਨਗੇ।