ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਫਰਵਰੀ
ਇੱਥੇ ਦੇ ਸ਼ੇਰਪੁਰ ਸਥਿਤ ਸਵਰਨ ਪੈਲੇਸ ਕੋਲ ਸਥਿਤ ਖਾਲੀ ਪਲਾਟ ’ਚ ਉੱਗੀਆਂ ਝਾੜੀਆਂ ’ਚੋਂ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਮਿਲੀ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਸ਼ੇਰਪੁਰ ਵਾਸੀ ਦਲੀਪ ਕੁਮਾਰ ਵੱਜੋਂ ਹੋਈ ਹੈ। ਪੁਲੀਸ ਵੱਲੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਦਲੀਪ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਪੁਲੀਸ ਅਨੁਸਾਰ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਹੀ ਸਭ ਕੁਝ ਸਪੱਸ਼ਟ ਹੋ ਸਕੇਗਾ। ਪੁਲੀਸ ਵੱਲੋਂ ਦਰਜ ਕੀਤੀ ਗਈ ਰਿਪੋਰਟ ਅਨੁਸਾਰ ਦਲੀਪ ਨੂੰ ਮੰਗਲਵਾਰ ਦੀ ਸ਼ਾਮ ਨੂੰ ਉਸ ਦਾ ਦੋਸਤ ਸੱਦਣ ਲਈ ਆਇਆ ਸੀ। ਉਸ ਦੇ ਬਾਅਦ ਤੋਂ ਉਹ ਲਾਪਤਾ ਚੱਲ ਰਿਹਾ ਸੀ। ਪਰਿਵਾਰ ਦੇ ਮੈਂਬਰ ਉਸ ਦੀ ਭਾਲ ਵਿੱਚ ਲੱਗੇ ਹੋਏ ਸਨ। ਬੁੱਧਵਾਰ ਸਵੇਰੇ 10 ਵਜੇ ਕਿਸੇ ਰਾਹਗੀਰ ਨੇ ਝਾੜੀਆਂ ’ਚ ਉਸ ਦੀ ਲਾਸ਼ ਪਈ ਦੇਖ ਕੇ ਪੁਲੀਸ ਕੰਟਰੋਲ ਰੂਮ ’ਤੇ ਫੋਨ ਕੀਤਾ। ਲਾਸ਼ ਕੋਲੋਂ ਇੱਕ ਮਾਚਿਸ ਤੇ ਸਰਿੰਜ ਵੀ ਮਿਲੀ ਹੈ, ਜਿਸ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਦਲੀਪ ਨੇ ਨਸ਼ੇ ਦੀ ਵੱਧ ਡੋਜ਼ ਲਈ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦਾ ਮੋਟਰਸਾਈਕਲ ਵੀ ਝਾੜੀਆਂ ਦੇ ਬਾਹਰ ਖੜ੍ਹਾ ਮਿਲਿਆ ਹੈ। ਇੰਸਪੈਕਟਰ ਪ੍ਰਮੋਦ ਕੁਮਾਰ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦਾ ਵਿਸਰਾ ਜਾਂਚ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਦਿਲੀਪ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।