ਗੈਂਗਸਟਰਾਂ ਦੀ ਕਹਾਣੀ
ਜੋਧ ਸਿੰਘ ਮੋਗਾ ਦੀ ਰਚਨਾ ‘ਬੀਬੇ ਗੈਂਗਸਟਰ’ (18 ਅਗਸਤ) ਬੜਾ ਕੁਝ ਬਿਆਨ ਕਰਦੀ ਹੈ। ਲੇਖਕ ਨੇ ਠੀਕ ਲਿਖਿਆ ਹੈ ਕਿ ਗੈਂਗਸਟਰ ਪਹਿਲਾਂ ਵੀ ਹੁੰਦੇ ਸਨ ਪਰ ਉਹ ਹੁਣ ਵਾਲਿਆਂ ਵਾਂਗੂੰ ਨਸ਼ੇ-ਪੱਤੇ ਨਹੀਂ ਸਨ ਕਰਦੇ ਤੇ ਨਾ ਹੀ ਰਾਈਫ਼ਲਾਂ, ਗੰਡਾਸੇ, ਕਿਰਪਾਨਾਂ ਅਤੇ ਨਾ ਹੀ ਲੰਡੀਆਂ ਜੀਪਾਂ ਰੱਖਦੇ ਸਨ, ਉਹ ਤਾਂ ਦੁੱਧ, ਘਿਓ/ਚੰਗੀਆਂ ਖ਼ੁਰਾਕਾਂ ਖਾਂਦੇ ਪੀਂਦੇ ਅਤੇ ਸਿਹਤ ਬਣਾਉਣ ਵੱਲ ਉਚੇਚਾ ਧਿਆਨ ਦਿੰਦੇ ਸਨ। 10 ਅਗਸਤ ਦੇ ਨਜ਼ਰੀਆ ਪੰਨੇ ’ਤੇ ਵਿਜੈ ਕੁਮਾਰ ਦੀ ਰਚਨਾ ‘ਫ਼ੀਸ ਵਾਲੇ ਪੈਸੇ’ ਜਿਉਂ ਜਿਉਂ ਪੜ੍ਹਦਾ ਗਿਆ, ਰਚਨਾ ਧੁਰ ਅੰਦਰ ਤਕ ਲਹਿੰਦੀ ਗਈ। ਰਚਨਾ ਬੜਾ ਕੁਝ ਕਹਿ ਰਹੀ ਹੈ।
ਅਮਰਜੀਤ ਮੱਟੂ, ਭਰੂਰ (ਸੰਗਰੂਰ)
ਜ਼ੁਲਮ ਦੀ ਹਮਾਇਤ ਕਿਉਂ
26 ਅਗਸਤ ਨੂੰ ਬਿਲਕੀਸ ਬਾਨੋ ਦੇ ਕੇਸ ਬਾਰੇ ਸੰਪਾਦਕੀ ਦੀ ਇਹ ਸਤਰ ‘ਸਮਾਜ ਵਿਚੋਂ ਲੋੜ ਅਨੁਸਾਰ (ਪੱਖਪਾਤ ਵਿਰੁੱਧ) ਆਵਾਜ਼ ਨਾ ਉੱਠਣ ਦਾ ਮੁੱਦਾ ਘੱਟ ਗੰਭੀਰ ਨਹੀਂ ਹੈ’ ਪੜ੍ਹ ਕੇ ਢਾਡੀ ਸੋਹਣ ਸਿੰਘ ਸੀਤਲ ਮੂੰਹੋਂ ਸੁਣਿਆ ਇਤਿਹਾਸਕ ਬਿਰਤਾਂਤ ਯਾਦ ਆ ਗਿਆ। ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਵਜੀਦ ਖਾਨ ਨੂੰ ਮਾਰਨ ਮਗਰੋਂ ਜਦ ਸਿੱਖ ਸੈਨਿਕ ਸਰਹਿੰਦ ਸ਼ਹਿਰ ’ਚ ਵੜ ਕੇ ਆਮ ਵਸਨੀਕਾਂ ਦੀ ਵੀ ਮਾਰ-ਵੱਢ ਕਰਨ ਲੱਗੇ ਤਾਂ ਸਰਹਿੰਦ ਵਾਸੀਆਂ ਨੇ ਮੁਖੀ ਸਿੱਖਾਂ ਪਾਸ ਸ਼ਿਕਾਇਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੇ ਕੁਝ ਸਾਥੀ ਰੋਹ ਵਿਚ ਆ ਕੇ ਕਹਿਣ ਲੱਗੇ ਕਿ ਜਿਸ ਸ਼ਹਿਰ ਦੇ ਵਸਨੀਕ ਆਪਣੀਆਂ ਅੱਖਾਂ ਸਾਹਮਣੇ ਮਾਸੂਮ ਨਿਰਦੋਸ਼ ਬੱਚਿਆਂ ਨਾਲ ਘੋਰ ਜ਼ੁਲਮ ਹੁੰਦਾ ਦੇਖ ਕੇ ਵੀ ਖਾਮੋਸ਼ ਰਹੇ ਹੋਣ, ਉਹ ਵੀ ਸਜ਼ਾ ਦੇ ਬਰਾਬਰ ਹੱਕਦਾਰ ਹੁੰਦੇ ਹਨ। ਇਸ ਮਿਸਾਲ ਦਾ ਕੋਈ ਇਤਿਹਾਸਕ ਸ੍ਰੋਤ ਭਾਵੇਂ ਨਾ ਵੀ ਮਿਲੇ ਪਰ ਅਕਬਰ ਇਲਾਹਾਬਾਦੀ ਦਾ ਇਹ ਸ਼ਿਅਰ ਜ਼ੁਲਮ ਹੁੰਦਾ ਦੇਖ ਕੇ ਚੁੱਪ ਰਹਿਣਿਆਂ ਲਈ ਸਜ਼ਾ ਜ਼ਰੂਰ ਚਾਹੁੰਦਾ ਹੈ: ਖਾਮੋਸ਼ੀ ਜੁਰਮ ਹੈ ਜਬ ਮੂੰਹ ਮੇਂ ਜ਼ੁਬਾਂ ਹੋ ‘ਅਕਬਰ’/ਚੁੱਪ ਰਹਨਾ ਭੀ ਤੋ ਜ਼ਾਲਮ ਕੀ ਹਮਾਇਤ ਕਰਨਾ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)
(2)
ਬਿਲਕੀਸ ਬਾਨੋ ਕੇਸ ਦੇ ਮੁਲਜ਼ਮਾਂ ਦੀ ਬਾਕੀ ਕੈਦ ਖਤਮ ਕਰਕੇ ਉਨ੍ਹਾਂ ਦੀ ਰਿਹਾਈ ਦੀਆਂ ਖ਼ਬਰਾਂ ਮੀਡੀਆ ਵਿਚ ਛਪ ਰਹੀਆਂ ਹਨ। ਕੀ ਸਰਕਾਰਾਂ ਨੂੰ ਅਜਿਹੀਆਂ ਸ਼ਕਤੀਆਂ ਸੰਵਿਧਾਨ ਅਨੁਸਾਰ ਹਨ? ਸਾਡੇ ਦੇਸ਼ ਵਿਚ ਘਿਨਾਉਣੇ ਜੁਰਮਾਂ ਵਾਲਿਆਂ ਨੂੰ ਸਿਆਸੀ ਪੁਸ਼ਤਪਨਾਹੀ ਕਰਕੇ ਸਖ਼ਤ ਸਜ਼ਾਵਾਂ ਹੀ ਮੁਆਫ਼ ਨਹੀਂ ਕੀਤੀਆਂ ਸਗੋਂ ਉਨ੍ਹਾਂ ਦੀ ਹੀਰੋ ਵਾਂਗ ਆਓ-ਭਗਤ ਕਰਕੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਜਾਂਦਾ ਹੈ। ਸਰਕਾਰਾਂ ਦੀ ਨਿਆਂ ਪ੍ਰਣਾਲੀ ਦੇ ਫ਼ੈਸਲਿਆਂ ਵਿਚ ਦਖ਼ਲਅੰਦਾਜ਼ੀ ਦੇ ਰਾਹ ਬੰਦ ਹੋਣੇ ਚਾਹੀਦੇ ਹਨ। ਸੁਪਰੀਮ ਕੋਰਟ ਵੱਲੋਂ ਅਜਿਹੇ ਫ਼ੈਸਲੇ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
(3)
26 ਅਗਸਤ ਦੇ ਸੰਪਾਦਕੀ ‘ਪਤਨ ਦੀ ਨਿਸ਼ਾਨੀ’ ਅਤੇ ‘ਬਿਲਕੀਸ ਬਾਨੋ ਕੇਸ’ ਵਿਚ ਦੇਸ਼ ਵਿਚ ਕੇਂਦਰ ਸਰਕਾਰ ਅਤੇ ਨਿਆਂ ਪ੍ਰਣਾਲੀ (ਸੁਪਰੀਮ ਕੋਰਟ) ਵਿਚ ਵਧ ਰਹੇ ਵਖਰੇਵੇਂ ਬਾਰੇ ਚਰਚਾ ਹੈ। ਲੋਕਾਂ ਨੂੰ ਨਿਆਂ ਪ੍ਰਣਾਲੀ ’ਤੇ ਭਰੋਸਾ ਤਾਂ ਹੈ ਪਰ ਕੇਂਦਰ ਸਰਕਾਰ ਬਾਰੇ ਸੁਪਰੀਮ ਕੋਰਟ ਦੀਆਂ ਕੁਝ ਟਿੱਪਣੀਆਂ ਜ਼ਰੂਰ ਚਿੰਤਾ ਪੈਦਾ ਕਰਦੀਆਂ ਹਨ। ਇਨ੍ਹਾਂ ਦੋਹਾਂ ਮਸਲਿਆਂ ਵਿਚ ਕੇਂਦਰ ਸਰਕਾਰ ਆਪਣੇ ਆਪ ਨੂੰ ਸਰਬ ਉੱਚ ਸਾਬਤ ਕਰਦੀ ਪ੍ਰਤੀਤ ਹੁੰਦੀ ਹੈ। ਸੰਵਿਧਾਨ ਨੇ ਸੁਪਰੀਮ ਕੋਰਟ ਨੂੰ ਜੋ ਤਾਕਤਾਂ ਦਿੱਤੀਆਂ ਹਨ, ਉਨ੍ਹਾਂ ਨੂੰ ਘਟਾਉਣਾ ਜਾਂ ਅੱਖੋਂ-ਪਰੋਖੇ ਕਰਨਾ ਚੰਗਾ ਵਰਤਾਰਾ ਨਹੀਂ। 25 ਅਗਸਤ ਦਾ ਸੰਪਾਦਕੀ ‘ਤਫ਼ਤੀਸ਼ ਦੇ ਕਾਰਗਰ ਢੰਗ’ ਮੌਜੂਦਾ ਅਦਾਲਤੀ ਅਤੇ ਪੁਲੀਸ ਤੰਤਰ ’ਤੇ ਚੋਟ ਕਰਦਾ ਹੈ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)
ਨਾਵਲ ਦਾ ਭੁਲੇਖਾ
ਸੁਖਦੇਵ ਸਿੰਘ ਮਾਨ ਦਾ ਮਿਡਲ ‘ਦਰਿਆਦਿਲੀ’ (24 ਅਗਸਤ) ਪੜ੍ਹਦਿਆਂ ਕਿਸੇ ਨਾਵਲ ਦਾ ਭੁਲੇਖਾ ਪੈਂਦਾ ਹੈ। ਲਿਖਾਰੀ ਦੀ ਬਿਰਤਾਂਤ ਸ਼ੈਲੀ ਸਲਾਹੁਣਯੋਗ ਹੈ। ਅੱਜਕੱਲ੍ਹ ਕੁਝ ਕੁ ਪੈਸਿਆਂ ਪਿੱਛੇ ਹੁੰਦੇ ਕਤਲ ਦੀਆਂ ਖ਼ਬਰਾਂ ਪੜ੍ਹਦੇ ਹਾਂ, ਪਹਿਲਾਂ ਰਿਸ਼ਤੇ ਪੈਸੇ ਤੋਂ ਜ਼ਿਆਦਾ ਤਵੱਜੋ ਰੱਖਦੇ ਸੀ।
ਅਮਨਦੀਪ ਕੌਰ, ਬਠਿੰਡਾ
(2)
ਸੁਖਦੇਵ ਸਿੰਘ ਮਾਨ ਦਾ ਲੇਖ ‘ਦਰਿਆਦਿਲੀ’ ਵਾਕਿਆ ਹੀ ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਅਰਥ ਦੀ ਤਰਜਮਾਨੀ ਕਰਦਾ ਹੈ। 70 ਵਰ੍ਹਿਆਂ ਤੋਂ ਪਹਿਲਾਂ ਵਾਲੇ ਬਾਬੇ ਭਾਈਚਾਰਕ ਸਾਂਝ ਦੇ ਮੁੱਦਈ ਸਨ। ਹੁਣ ਅਸੀਂ ਉਨ੍ਹਾਂ ਸਾਂਝਾਂ ਨੂੰ ਭੁੱਲ ਕੇ ਖ਼ੁਦਗਰਜ਼ ਬਣ ਗਏ ਹਾਂ ਤੇ ਉਹ ਕਦਰਾਂ-ਕੀਮਤਾਂ ਵਿਸਾਰ ਕੇ, ਸਿਰਫ਼ ਆਪਣੇ ਨਿੱਜੀ ਸੋਚ ਦੇ ਸ਼ਿਕਾਰ ਹੋ ਗਏ ਹਾਂ।
ਭਰਪੂਰ ਸਿੰਘ, ਬਠਿੰਡਾ
ਦੁੱਖ ਦਰਦ
22 ਅਗਸਤ ਦੇ ਮਿਡਲ ‘ਮੈਥੋਂ ਬਸ ਇਹੀ ਹੋ ਸਕਣਾ ਸੀ’ ਵਿਚ ਜਗਦੀਪ ਸਿੱਧੂ ਨੇ ਮੌਤ ਦੇ ਸਮਾਗਮਾਂ ਵਿਚ ਸ਼ਾਮਿਲ ਹੋਣ ਤੋਂ ਬਾਅਦ ਮਹਿਸੂਸ ਕੀਤੇ ਦੁੱਖ ਦਰਦ ਦੀ ਗੱਲ ਸਾਂਝੀ ਕੀਤੀ ਹੈ। ਕਿਸੇ ਦੀ ਮੌਤ ਦਾ ਦੁੱਖ ਦੂਸਰੇ ਨੂੰ ਕਿੰਨਾ ਹੁੰਦਾ, ਇਹ ਇਸ ’ਤੇ ਨਿਰਭਰ ਹੈ ਕਿ ਮਰਨ ਵਾਲੇ ਦੀ ਉਮਰ ਕਿੰਨੀ ਸੀ, ਉਸ ਦਾ ਰਿਸ਼ਤਾ ਕੀ ਸੀ, ਕਿੰਨਾ ਨਜ਼ਦੀਕੀ ਸੀ। ਅੱਜਕੱਲ੍ਹ ਮੈਂ ਵੀ ਦਰਦ ਦੇ ਇਸ ਸਮੁੰਦਰ ’ਚੋਂ ਗੁਜ਼ਰ ਰਿਹਾ ਹਾਂ।
ਅਮਰਜੀਤ ਸਿੰਘ ਜੰਜੂਆ, ਈਮੇਲ
(2)
ਜਗਦੀਪ ਸਿੱਧੂ ਦਾ ਮਿਡਲ ‘ਮੈਥੋਂ ਬਸ ਇਹੀ ਹੋ ਸਕਣਾ ਸੀ’ ਉਨ੍ਹਾਂ ਲੋਕਾਂ ਦੀ ਕਹਾਣੀ ਬਿਆਨ ਕਰਦਾ ਹੈ ਜੋ ਬੇਵਕਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਮਨੁੱਖ ਇਸ ਧਰਤੀ ’ਤੇ ਮੁਸਾਫ਼ਿਰ ਵਾਂਗ ਹੈ ਜੋ ਆਪਣਾ ਸਫ਼ਰ ਪੂਰਾ ਹੋਣ ’ਤੇ ਚਲਿਆ ਜਾਂਦਾ ਹੈ ਪਰ ਕਈ ਮੁਸਾਫ਼ਿਰ ਅਜਿਹੇ ਹਨ ਜੋ ਆਪਣਾ ਸਫ਼ਰ ਅਧੂਰਾ ਛੱਡ ਕੇ ਚਲੇ ਜਾਂਦੇ ਹਨ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)
ਬਾਤ ਦੀ ਬਾਤ
17 ਅਗਸਤ ਦੇ ਨਜ਼ਰੀਆ ਪੰਨੇ ਉੱਤੇ ਬਲਵਿੰਦਰ ਸਿੰਘ ਭੁੱਲਰ ਦੀ ਰਚਨਾ ‘ਇਕ ਸੀ ਬਾਤ’ ਨੇ ਬੀਤਿਆ ਬਚਪਨ ਮੁੜ ਅੱਖਾਂ ਸਾਹਮਣੇ ਲੈ ਆਂਦਾ। ਬਚਪਨ ਵਿਚ ਜਲਦੀ ਰਾਤ ਹੋਣ ਦੀ ਆਸ ਕਰਦੇ ਸੀ ਤਾਂ ਕਿ ਦਾਦਾ ਦਾਦੀ ਤੋਂ ਕੋਈ ਨਵੀਂ ਬਾਤ ਸੁਣੀਏ। ਅਜਿਹੀਆਂ ਬਾਤਾਂ ਵੱਖਰੀ ਕਿਸਮ ਦੀ ਖੁਸ਼ੀ ਦਿੰਦੀਆਂ ਸਨ ਜਿਨ੍ਹਾਂ ਤੋਂ ਅੱਜ ਕੱਲ੍ਹ ਦੀ ਪੀੜ੍ਹੀ ਵਾਂਝੀ ਰਹਿ ਗਈ ਹੈ।
ਜਸਦੀਪ ਸਿੰਘ ਢਿੱਲੋਂ, ਫਰੀਦਕੋਟ
ਸਿਆਸੀ ਲਾਹਾ
ਜਾਨ ਗੁਆ ਚੁੱਕੇ ਨੌਜਵਾਨ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨਾ ਮਾਨਵੀ ਹੋਣਾ ਹੈ ਲੇਕਿਨ ਇਸ ਦਾ ਸਿਆਸੀ ਲਾਹਾ ਲੈਣਾ ਅਮਾਨਵੀ ਹੈ। ਚਾਰ ਵਿਚੋਂ ਦੋ ਅੰਗ-ਰੱਖਿਅਕਾਂ ਦੀ ਵਾਪਸੀ ਲਈ ‘ਆਪ’ ਸਰਕਾਰ ਨੂੰ ਨਿੰਦਣ ਦਾ ਬਹਾਨਾ ਤਾਂ ਵਿਰੋਧੀ ਭਾਲਦੇ ਰਹਿੰਦੇ ਹਨ ਲੇਕਿਨ ਬਾਕੀ ਬਚੇ ਦੋ ਗੰਨਮੈਨ ਨੂੰ ਵੀ ਨਾ ਵਰਤਣਾ ਕਿਸ ਦੀ ਗ਼ਲਤੀ ਹੈ? ਜੇ ਬਿਕਰਮ ਸਿੰਘ ਮਜੀਠੀਆ ਨੂੰ ਸਿੱਧੂ ਮੂਸੇਵਾਲਾ ਦੀ ਬਹੁਤ ਛੋਟੀ ਉਮਰੇ (29 ਸਾਲ) ਵਿਚ ਪੰਜਾਬ ਦਾ ਨਾਂ ਦੁਨੀਆ ਭਰ ਵਿਚ ਰੋਸ਼ਨ ਕਰਨ ਦਾ ਸੱਚੀਂ ਮਾਣ ਸੀ ਤਾਂ ਉਸ ਵਿਰੁੱਧ ਵਿਧਾਨ ਸਭਾ ਚੋਣਾਂ ਸਮੇਂ ਆਪਣਾ ਅਕਾਲੀ ਉਮੀਦਵਾਰ ਖੜ੍ਹਾ ਨਾ ਕਰਦੇ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)