ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਪਰੈਲ
ਖਾਧ ਪਦਾਰਥਾਂ ’ਚ ਮਿਲਾਵਟਖੋਰੀ ਰੋਕਣ ਲਈ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਵੱਲੋਂ ਨਿਵੇਕਲੀ ਮੁਹਿੰਮ ਚਲਾਈ ਹੈ। ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੇ ਅਧਿਕਾਰੀ ਆਪਣੇ ਜ਼ਿਲ੍ਹੇ ਦੀ ਬਜਾਏ ਦੂਜੇ ਜ਼ਿਲ੍ਹਿਆਂ ’ਚ ਖਾਧ ਪਦਾਰਥਾਂ ਦੀ ਜਾਂਚ ਪੜਤਾਲ਼ ਕਰਨਗੇ। ਇਹ ਸਭ ਅਧਿਕਾਰੀਆਂ ’ਤੇ ਮਿਲੀਭੁਗਤ ਦੇ ਲੱਗਦੇ ਦੋਸ਼ਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਇਸੇ ਕੜੀ ਤਹਿਤ ਅੱਜ ਦਫਤਰ ਸਿਵਲ ਸਰਜਨ ਲੁਧਿਆਣਾ ਵੱਲੋਂ ਆਈ ਇੱਕ ਟੀਮ ਨੇ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ’ਚ ਖਾਧ ਪਦਾਰਥਾਂ ਦੇ ਸੈਂਪਲ ਭਰ ਕੇ ਜਾਂਚ ਲਈ ਲੈਬ ਵਿਚ ਭਿਜਵਾਏ। ਲੁਧਿਆਣਾ ਦੇ ਜ਼ਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਇਸ ਟੀਮ ’ਚ ਫੂਡ ਸੇਫਟੀ ਅਫਸਰ ਤਰੁਣ ਬਾਂਸਲ ਅਤੇ ਚਰਨਜੀਤ ਸਿੰਘ ਵੀ ਸ਼ਾਮਲ ਸਨ ਜਿਨ੍ਹਾਂ ਨੇ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਚੈਕਿੰਗ ਕਰਦਿਆਂ ਕਈ ਵਸਤਾਂ ਦੇ ਦਰਜਨ ਭਰ ਸੈਂਪਲ ਭਰਨ ਤੋਂ ਇਲਾਵਾ ਕੁਝ ਵਸਤਾਂ ਜ਼ਬਤ ਵੀ ਕੀਤੀਆਂ। ਜ਼ਬਤ ਕੀਤੀਆਂ ਵਸਤਾਂ ’ਚ 12500 ਕਿਲੋਗ੍ਰਾਮ ਸੁੱਕੇ ਦੁੱਧ ਦਾ ਪਾਊਡਰ, 620 ਕਿਲੋਗ੍ਰਾਮ ਪਨੀਰ ਅਤੇ 13 ਕਿਲੋਗ੍ਰਾਮ ਫੈਟ ਸਪਰੈਡ ਸ਼ਾਮਲ ਹੈ। ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਟੈਸਟ ਰਿਪੋਰਟ ਆਉਣ ਮਗਰੋਂ ਜੇਕਰ ਕੋਈ ਕਮੀ ਪਾਈ ਗਈ, ਤਾਂ ਸਬੰਧਤ ਦੁਕਾਨਦਾਰ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਹੋਵੇਗੀ। ਇਸ ਤਰ੍ਹਾਂ ਖਾਧ ਪਦਾਰਥਾਂ ’ਚ ਮਿਲਾਵਟਖੋਰੀ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਵੱਲੋਂ ਆਰੰਭੀ ਗਈ ਇਸ ਨਿਵੇਕਲੀ ਮੁਹਿੰਮ ਨੂੰ ਪਾਏਦਾਰ ਦੱਸਿਆ ਜਾ ਰਿਹਾ ਹੈ ਕਿਉਂਕਿ ਸਿਹਤ ਵਿਭਾਗ ਦੇ ਕਈ ਅਧਿਕਾਰੀਆਂ ’ਤੇ ਕਥਿਤ ਮਿਲੀਭੁਗਤ ਦੇ ਦੋਸ਼ ਲੱਗਦੇ ਆ ਰਹੇ ਸਨ।