ਪੰਜਾਬ ਦਾ ਹੱਕ
2 ਅਪਰੈਲ ਦਾ ਸੰਪਾਦਕੀ ‘ਚੰਡੀਗੜ੍ਹ ’ਤੇ ਪੰਜਾਬ ਦਾ ਹੱਕ’ ਪੰਜਾਬ ਦੀ ਵਾਜਬ ਮੰਗ ਦੇ ਹੱਕ ਵਿਚ ਭੁਗਤਦਾ ਹੈ। ਸਰਕਾਰ ਵੱਲੋਂ ਹਾਲ ਹੀ ਵਿਚ ਵਿਧਾਨ ਸਭਾ ਦੇ ਇਕ ਰੋਜ਼ਾ ਖ਼ਾਸ ਇਜਲਾਸ ਵਿਚ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਲਈ ਜੋ ਮਤਾ ਪਾਸ ਕੀਤਾ ਗਿਆ ਹੈ, ਉਹ ਮੁੱਲਵਾਨ ਹੈ। ਜਿਸ ਸੂਬੇ ਨੇ ਦੇਸ਼ ਦੀ ਆਜ਼ਾਦੀ ਲਈ ਬੇਮਿਸਾਲ ਆਹੂਤੀ ਦਿੱਤੀ, ਜਿਸ ਦੇ ਆਪਣੇ ਪੰਜਾਹ ਤੋਂ ਵੱਧ ਪੰਜਾਬੀ ਬੋਲਦੇ ਪੁਆਧੀ ਪਿੰਡਾਂ ਦਾ ਉਜਾੜਾ ਕਰਕੇ ‘ਨਵੇਂ ਪੰਜਾਬ ਦੀ ਸਿਰਜਣਾ ਦੇ ਪ੍ਰਤੀਕ’ ਰਾਜਧਾਨੀ ਚੰਡੀਗੜ੍ਹ ਦਾ ਨਿਰਮਾਣ ਕੀਤਾ ਗਿਆ, ਉਸ ਨੂੰ ਪੰਜਾਬ ਦੇ ਸਪੁਰਦ ਕਰਨ ਵਿਚ ਅਜੇ ਤਕ ਟਾਲ-ਮਟੋਲ ਕੀਤੀ ਜਾ ਰਹੀ ਹੈ। ਪੰਜਾਬ ਨੂੰ ਆਪਣੀ ਇਸ ਹੱਕ ਮੰਗ ਤੋਂ ਵਿਰਵਾ ਰੱਖਣਾ ਪੰਜਾਬ ਨਾਲ ਅਨਿਆਂ ਹੈ। ਸਭ ਧਿਰਾਂ ਨੂੰ ਇਕਮਤ ਹੋ ਕੇ ਇਸ ਮੁੱਦੇ ਦਾ ਸਮਰਥਨ ਕਰਨਾ ਚਾਹੀਦਾ ਹੈ।
ਡਾ. ਦਰਸ਼ਨ ਸਿੰਘ ‘ਆਸ਼ਟ’, ਪਟਿਆਲਾ
ਸਾਦਗੀ
5 ਅਪਰੈਲ ਨੂੰ ਲੋਕ ਸੰਵਾਦ ਪੰਨੇ ਉੱਤੇ ਗੁਰਪ੍ਰੀਤ ਸਿੰਘ ਤੂਰ ਦਾ ਲੇਖ ‘ਵਿਧਾਨਕਾਰਾਂ ਤੋਂ ਆਸਾਂ ਤੇ ਉਮੀਦਾਂ’ ਪੰਜਾਬ ਸਰਕਾਰ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦਾ ਹੋਇਆ ਘੱਟ ਖਰਚੇ ਵਾਲੇ ਵਿਆਹ ਸ਼ਾਦੀਆਂ ਅਤੇ ਹੋਰ ਫਜ਼ੂਲ ਖਰਚਿਆਂ ਰਹਿਤ ਪ੍ਰੋਗਰਾਮ ਕਰਨ ਲਈ ਪ੍ਰੇਰਦਾ ਹੈ। ਫਜ਼ਲ ਖਰਚਿਆਂ ਵਾਲੇ ਕਾਰਜ ਅਕਸਰ ਫ਼ਿਲਮਾਂ ਦੀ ਦੇਖਾ-ਦੇਖੀ ਅਤੇ ਬਾਹਰਲੇ ਦੇਸ਼ਾਂ ਦੀ ਨਕਲ ’ਤੇ ਕੀਤੇ ਜਾਂਦੇ ਹਨ, ਆਪਣੀ ਜੇਬ ਮੁਤਾਬਕ ਨਹੀਂ। ਇਸੇ ਕਰਕੇ ਘਰੇਲੂ ਹਾਲਾਤ ਨਿੱਤ ਦਿਹਾੜੇ ਬਦ ਤੋਂ ਬਦਤਰ ਹੁੰਦੇ ਜਾਂਦੇ ਹਨ। ਜੇਕਰ ਫ਼ਿਲਮਾਂ ਬਣਾਉਣ ਵਾਲੇ ਸਾਦਗੀ ਲਈ ਪ੍ਰੇਰਦੀਆਂ ਅਜਿਹੀਆਂ ਫ਼ਿਲਮਾਂ ਬਣਾਉਣ ਤਾਂ ਸ਼ਾਇਦ ਲੋਕ ਸੇਧ ਲੈਣ।
ਸ਼ਰਨਜੀਤ ਕੌਰ, ਜੋਗੇਵਾਲਾ (ਮੋਗਾ)
ਕਾਬਲੀਅਤ
7 ਅਪਰੈਲ ਨੂੰ ਨਜ਼ਰੀਆ ਪੰਨੇ ਉੱਤੇ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਚੱਠ ਵਾਲਾ ਕਾਰਡ’ ਪ੍ਰੇਰਨਾ ਦੇਣ ਵਾਲਾ ਹੈ। ਲੇਖ ਦੀ ਇਕ ਗੱਲ ਬਹੁਤ ਵਧੀਆ ਲੱਗੀ ਕਿ ਜੇਕਰ ਬੱਚੇ ਨੂੰ ਉਸ ਦੀ ਦਿਲਚਸਪੀ ਅਤੇ ਯੋਗਤਾ ਮੁਤਾਬਕ ਰਾਹ ਪਾ ਦਿੱਤਾ ਜਾਵੇ ਤਾਂ ਉਹ ਬੇਰੁਜ਼ਗਾਰੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹਨ। ਇਹ ਗੱਲ ਬਿਲਕੁੱਲ ਸਹੀ ਹੈ। ਹਕੀਕਤ ਇਹ ਹੈ ਕਿ ਮਾਂ ਬਾਪ ਆਪਣੇ ਬੱਚਿਆਂ ਉੱਤੇ ਜ਼ਬਰਦਸਤੀ ਆਪਣੇ ਸੁਪਨੇ ਮੜ੍ਹ ਦਿੰਦੇ ਹਨ। ਇਹ ਵਿਹਾਰ ਸਹੀ ਨਹੀਂ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੀ ਕਾਬਲੀਅਤ ਨੂੰ ਪਛਾਣਨ। ਇਸ ਤੋਂ ਪਹਿਲਾਂ 5 ਅਪਰੈਲ ਨੂੰ ਨਜ਼ਰੀਆ ਪੰਨੇ ਉੱਤੇ ਦਰਸ਼ਨ ਸਿੰਘ ਪ੍ਰੀਤੀਮਾਨ ਦਾ ਮਿਡਲ ‘ਕੀਮਤੀ ਗਹਿਣਾ’ ਭਾਵਨਾਤਮਕ ਲੱਗਿਆ। ਠੀਕ ਹੀ ਹੈ ਕਿ ਜ਼ਮੀਨ ਜਾਇਦਾਦ, ਘਰ-ਬਾਰ, ਸਭ ਵੰਡੇ ਜਾਂਦੇ ਹਨ, ਸੋਨਾ ਚਾਂਦੀ ਚੋਰੀ ਹੋ ਜਾਂਦਾ ਹੈ ਪਰ ਪੜ੍ਹਾਈ ਅਜਿਹੀ ਚੀਜ਼ ਹੈ ਜਿਸ ਨੂੰ ਨਾ ਕੋਈ ਖੋਹ ਸਕਦਾ ਹੈ ਅਤੇ ਨਾ ਹੀ ਚੋਰੀ ਕਰ ਸਕਦਾ ਹੈ।
ਰੁਪਿੰਦਰ ਕੌਰ, ਸੱਦੋ ਮਾਜਰਾ (ਫਤਹਿਗੜ੍ਹ ਸਾਹਿਬ)
ਭਾਸ਼ਾ ਦੇ ਮਸਲੇ
4 ਅਪਰੈਲ ਦੇ ਮਿਡਲ ‘ਜਦੋਂ ਅਖ਼ਬਾਰ ਨੇ ਵਖ਼ਤ ਪਾਇਆ’ ਦੀ ਭਾਸ਼ਾ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਖ਼ਬਾਰ ਦੀ ਭਾਸ਼ਾ ਕਿਹੋ ਜਿਹੀ ਹੋਣੀ ਚਾਹੀਦੀ ਹੈ: ਆਮ ਬੋਲਚਾਲ ਦੀ ਕਿ ਸਟੈਂਡਰਡ। ਲਿਖਤ ਵਿਚ ਵਰਤੇ ਕੁਝ ਸ਼ਬਦ ਤਾਂ ਹੁਣ ਆਮ ਬੋਲਚਾਲ ਵਿਚ ਵੀ ਨਹੀਂ ਬੋਲੇ ਜਾਂਦੇ; ਮਿਸਾਲ ਦੇ ਤੌਰ ’ਤੇ ਮੁਸ਼ਕ ਖਾਨਾ, ਛਿੱਤਰ, ਗਿੱਟੇ ਛਾਂਗਣੇ, ਓਏ ਗਧੇ ਆਦਿ। ਅਸੀਂ ਤੈਅ ਹੀ ਨਹੀਂ ਕਰ ਸਕੇ ਕਿ ਟਕਸਾਲੀ ਸਾਹਿਤ ਤੇ ਆਮ ਬੋਲਚਾਲ ਦੀ ਭਾਸ਼ਾ ਵਿਚ ਕਿੰਨਾ ਫ਼ਰਕ ਹੈ ਅਤੇ ਅਸੀਂ ਕਿਹੜੀ ਭਾਸ਼ਾ ਅਪਨਾਉਣੀ ਹੈ।
ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ, ਜੈਪੁਰ
(2)
4 ਅਪਰੈਲ ਨੂੰ ਹਰਪ੍ਰੀਤ ਮੀਤ ਦਾ ਮਿਡਲ ‘ਜਦੋਂ ਅਖ਼ਬਾਰ ਨੇ ਵਕਤ ਪਾਇਆ’ ਪੜ੍ਹ ਕੇ ਚੰਗਾ ਲੱਗਾ ਕਿ ਕਿਸ ਤਰ੍ਹਾਂ ਅਧਿਆਪਕ ਨੇ ਬੱਚੇ ਅੰਦਰ ਪੜ੍ਹਨ ਦੀ ਲਗਨ ਦੇਖ ਕੇ ਉਸ ਦਾ ਹੌਸਲਾ ਵਧਾਇਆ ਅਤੇ ਸਾਥ ਦਿੱਤਾ।
ਬਲਵਿੰਦਰ ਕੌਰ, ਪਿੰਡ ਮਾਣਕੀ (ਮਲੇਰਕੋਟਲਾ)
ਕਵਿਤਾ ਵਰਗਾ ਹੁਲਾਰਾ
25 ਮਾਰਚ ਨੂੰ ਪ੍ਰੋ. ਅਤੈ ਸਿੰਘ ਦਾ ਲੇਖ ‘ਜਾਂਦੇ ਵਿਚੋਂ ਆਉਂਦੇ ਦੀ ਝਾਤ’ ਪੜ੍ਹਿਆ। ਉਨ੍ਹਾਂ ਦੀ ਵਾਰਤਕ ਦੀ ਜਾਦੂਗਰੀ ਪਾਠਕ ਨੂੰ ਕਵਿਤਾ ਵਰਗਾ ਹੁਲਾਰਾ ਦਿੰਦੀ ਹੋਈ ਹਕੀਕਤ ਬਾਰੇ ਜਾਣੂ ਕਰਵਾਉਂਦੀ ਹੈ। ਲੇਖ ਦੀ ਸਤਰ ‘ਪੰਜਾਬ ਦਾ ਕਿਹੜਾ ਕਲਚਰ! ਇਹਦਾ ਤਾਂ ਐਗਰੀਕਲਚਰ ਆ!’ ਪੰਜਾਬੀਆਂ ਨੂੰ ਖ਼ਬਰਦਾਰ ਕਰਦੀ ਹੈ। ਲੇਖ ਵਿਚ ਪ੍ਰੋ. ਪੂਰਨ ਸਿੰਘ, ਅਜਮੇਰ ਔਲਖ ਅਤੇ ਸੁਖਵੰਤ ਕੌਰ ਮਾਨ ਦੀਆਂ ਰਚਨਾਵਾਂ ਦੇ ਹਵਾਲੇ ਲਿਖਤ ਨੂੰ ਅਮੀਰੀ ਬਖ਼ਸ਼ਦੇ ਹਨ। ‘ਮਿਹਨਤ ਦਾ ਮੁੱਲ ਮੁੜ੍ਹਕੇ ਦੇ ਤੁੱਲ’ ਦੀ ਮੰਗ ਕਰਦਿਆਂ ਲੇਖਕ ਏਕਾਧਿਕਾਰ ਵੱਲ ਤੇਜ਼ੀ ਨਾਲ ਵਧ ਰਹੀ ਪੂੰਜੀਪਤੀ ਜਮਾਤ ਨੂੰ ਬੜੀ ਸਹਿਜ ਸ਼ੈਲੀ ਵਿਚ ਵੰਗਾਰਦਿਆਂ ਸਮੂਹ ਕਿਰਤੀਆਂ ਲਈ ਇਨਸਾਫ਼ ਦੀ ਮੰਗ ਰੱਖਦਾ ਹੈ। ਲੇਖਕ ਮੁਨਾਫ਼ਿਆਂ, ਲਾਲਚਾਂ ਤੋਂ ਉੱਪਰ ਉੱਠ ਰਲ-ਮਿਲ ਸਾਰੀਆਂ ਜਮਾਤਾਂ ਨੂੰ ਮਸ਼ੀਨੀ ਸੁਨਾਮੀ ਸਾਹਵੇਂ ਇਨਸਾਨੀ ਹੋਂਦ ਦੀ ਲੜਾਈ ਤਕੜੇ ਹੋ ਕੇ ਲੜਨ ਦੀ ਗੱਲ ਕਰਦਿਆਂ ਰੋਮਾਂਚਕ ਢੰਗ ਨਾਲ ਲੇਖ ਖਤਮ ਕਰਦਾ ਹੈ।
ਮਲਕੀਤ ਰਾਸੀ, ਪੱਟੀ (ਤਰਨ ਤਾਰਨ)