ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਅਕਤੂਬਰ
ਪਿੰਡ ਘਰਾਚੋਂ ਦੀ ਪੰਚਾਇਤ ਵੱਲੋਂ ਗੁਰਮੇਲ ਸਿੰਘ ਸਰਪੰਚ ਦੀ ਅਗਵਾਈ ਹੇਠ ਹਮੀਰ ਪੱਤੀ ’ਚ ਕੀਤੀ ਗ੍ਰਾਮ ਸਭਾ ’ਚ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ। ਮੀਟਿੰਗ ’ਚ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪਿੰਡ ਘਰਾਚੋਂ ਦੀ ਪੰਚਾਇਤ ਵੱਲੋਂ ਬੁਲਾਈ ਗਈ ਗ੍ਰਾਮ ਸਭਾ ਪੇਂਡੂ ਮਿੰਨੀ ਪਾਰਲੀਮੈਂਟ ਹੈ ਤੇ ਇਸ ਵਿੱਚ ਪਾਸ ਕੀਤਾ ਗਿਆ ਮਤਾ ਬਹੁਤ ਹੀ ਵੱਡਾ ਕਾਨੂੰਨੀ ਦਸਤਾਵੇਜ਼ ਬਣਦਾ ਹੈ। ਇਸ ਲਈ ਪਿੰਡਾਂ ਦੇ ਲੋਕ ਜਾਗਰੂਕ ਹੋਣ ਤੇ ਪੰਜਾਬ ਦੀਆਂ 14 ਹਜ਼ਾਰ ਦੇ ਕਰੀਬ ਪੰਚਾਇਤਾਂ ਗ੍ਰਾਮ ਸਭਾਵਾਂ ਸੱਦ ਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਧੱਕੇ ਨਾਲ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮਤੇ ਪਾਸ ਕਰਨ। ਮੀਟਿੰਗ ’ਚ ਪੰਚਾਇਤ ਸੈਕਟਰੀ ਦੀਪਕ ਕੁਮਾਰ ਗਰਗ ਨੇ ਪੰਚਾਇਤ ਵੱਲੋਂ ਲਿਖ਼ੇ ਮਤੇ ਨੂੰ ਗ੍ਰਾਮ ਸਭਾ ’ਚ ਹਾਜ਼ਰ ਲੋਕਾਂ ਨੂੰ ਪੜ੍ਹ ਕੇ ਸੁਣਾਇਆ ਤਾਂ ਲੋਕਾਂ ਨੇ ਹੱਥ ਖੜ੍ਹੇ ਕਰਕੇ ਮਤੇ ਲਈ ਸਹਿਮਤੀ ਦਿੰਦੇ ਹੋਏ ਇਸ ਨੂੰ ਪਾਸ ਕੀਤਾ।
ਇਸ ਮੌਕੇ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਪਹਿਲਾਂ ਵੀ ਗ੍ਰਾਮ ਸਭਾ ਬੁਲਾਈ ਜਾਂਦੀ ਹੈ, ਪਰ ਇਸ ਵਾਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਗ੍ਰਾਮ ਸਭਾ ਬੁਲਾਈ ਗਈ ਹੈ। ਜਿਸ ਵਿੱਚ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਇਸ ਸਭਾ ’ਚ 220 ਦੇ ਕਰੀਬ ਲੋਕਾਂ ਨੇ ਦਸਤਖ਼ਤ ਤੇ 140 ਦੇ ਕਰੀਬ ਲੋਕਾਂ ਨੇ ਆਪਣੇ ਅੰਗੂਠੇ ਲਾ ਕੇ ਮਤਾ ਪਾਸ ਕੀਤਾ। ਇਸ ਮੌਕੇ ਗ੍ਰਾਮ ਸਭਾ ਵਿੱਚ ਇੱਕ ਹੋਰ ਮਤਾ ਵੀ ਪਾਸ ਕੀਤਾ ਗਿਆ ਜੋ ਪਿੰਡ ਦੀ 20 ਏਕੜ ਪੰਚਾਇਤੀ ਜ਼ਮੀਨ ’ਚ ਸਰਕਾਰ ਨੇ ਮੈਡੀਕਲ ਕਾਲਜ ਖੋਲ੍ਹਣ ਲਈ ਜ਼ਮੀਨ ਦੀ ਮੰਗ ਕੀਤੀ ਸੀ। ਪਰ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੇ ਲੋਕਾਂ ਨੂੰ ਦੱਸਿਆ ਕਿ ਇਹ ਮੈਡੀਕਲ ਕਾਲਜ 70 ਪ੍ਰਤੀਸ਼ਤ ਪ੍ਰਾਈਵੇਟ ਤੇ 30 ਪ੍ਰਤੀਸ਼ਤ ਸਰਕਾਰੀ ਹਿੱਸੇਦਾਰੀ ਦਾ ਹੋਵੇਗਾ, ਜਿਸ ਲਈ ਲੋਕਾਂ ਨੇ ਗ੍ਰਾਮ ਸਭਾ ’ਚ ਕਿਹਾ ਕਿ ਜੇ ਇਹ ਕਾਲਜ ਸਰਕਾਰੀ ਹੋਵੇਗਾ ਤਾਂ ਹੀ ਜ਼ਮੀਨ ਦੇਣੀ ਹੈ, ਪਰ ਪ੍ਰਾਈਵੇਟ ਹਿੱਸੇਦਾਰੀ ਹੋਣ ਕਾਰਨ ਉਹ ਪਿੰਡ ਦੀ 20 ਏਕੜ ਜ਼ਮੀਨ ਨਹੀਂ ਦੇਣਾ ਚਾਹੁੰਦੇ। ਪਿੰਡ ਦੀ ਜ਼ਮੀਨ ਸਰਕਾਰ ਨੂੰ ਨਾ ਦੇਣ ਸਬੰਧੀ ਦੂਜਾ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਇਸੇ ਤਰ੍ਹਾਂ ਪਿੰਡ ਬਲਿਆਲ ’ਚ ਵੀ ਸਰਪੰਚ ਅਮਰੇਲ ਸਿੰਘ ਦੀ ਅਗਵਾਈ ਹੇਠ ਗਰਾਮ ਸਭਾ ਵੱਲੋਂ ਕਾਲੇ ਕਾਨੂੰਨਾਂ ਵਿਰੁੱਧ ਮਤਾ ਪਾਇਆ ਗਿਆ।