ਨਵੀਂ ਦਿੱਲੀ: ਟੋਕੀਓ ਓਲੰਪਿਕ ਵਿੱਚ ਦੇੇਸ਼ ਲਈ ਕਾਂਸੇ ਦਾ ਤਗ਼ਮਾ ਜਿੱਤਣ ਵਾਲਾ ਪਹਿਲਵਾਨ ਬਜਰੰਗ ਪੂਨੀਆ 26 ਰੋਜ਼ਾ ਪ੍ਰੀ-ਸੀਜ਼ਨ ਸਿਖਲਾਈ ਕੈਂਪ ਲਈ ਮਾਸਕੋ ਪੁੱਜ ਗਿਆ ਹੈ। ਕੈਂਪ 21 ਜਨਵਰੀ ਤੱਕ ਚੱਲੇਗਾ। ਟੋਕੀਓ ਓਲੰਪਿਕ ਮਗਰੋਂ ਬਜਰੰਗ ਦਾ ਇਹ ਪਹਿਲਾ ਸਿਖਲਾਈ ਕੈਂਪ ਹੈ। ਰੂਸ ਤੋਂ ਜਾਰੀ ਇਕ ਬਿਆਨ ਵਿੱਚ ਬਜਰੰਗ ਨੇ ਕਿਹਾ, ‘‘ਓਲੰਪਿਕ ਮਗਰੋਂ ਇਹ ਮੇਰਾ ਪਹਿਲਾ ਸਿਖਲਾਈ ਕੈਂਪ ਹੈ ਤੇ ਮੈਂ ਆਸ ਕਰਦਾ ਹਾਂ ਕਿ ਇਹ ਚੰਗਾ ਸਮਾਂ ਸਾਬਤ ਹੋਵੇਗਾ। ਮੈਂ ਸਿਖਲਾਈ ਲਈ ਰੂਸ ਦੀ ਚੋਣ ਕੀਤੀ ਕਿਉਂਕਿ ਇਥੋਂ ਦੇ ਪਹਿਲਵਾਨਾਂ ਨੇ ਓਲੰਪਿਕ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪਾਂ ਦੌਰਾਨ ਸਭ ਤੋਂ ਵੱਧ ਤਗ਼ਮੇ ਜਿੱਤੇ ਹਨ। ਇਨ੍ਹਾਂ ਤਜਰਬੇਕਾਰ ਪਹਿਲਵਾਨਾਂ ਨਾਲ ਸਿਖਲਾਈ ਕਰਕੇ ਮੈਨੂੰ ਫਾਇਦਾ ਹੋਵੇਗਾ।’’ ਬਜਰੰਗ ਦੀ ਰੂਸ ਫੇਰੀ ਲਈ 7.53 ਲੱਖ ਰੁਪਏ ਦੇ ਖਰਚੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਿਤੇਂਦਰ ਤੇ ਆਨੰਦ ਕੁਮਾਰ ਇਸ ਫੇਰੀ ’ਤੇ ਬਜਰੰਗ ਨਾਲ ਕ੍ਰਮਵਾਰ ਉਸ ਦੇ ਸਪੈਰਿੰਗ ਭਾਈਵਾਲ ਤੇ ਫਿਜ਼ੀਓਥੈਰੇਪਿਸਟ ਵਜੋਂ ਗਏ ਹਨ। ਬਜਰੰਗ ਅਗਲੇ ਸਾਲ ਯੂਡਬਲਿਊਡਬਲਿਊ ਦਰਜਾਬੰਦੀ ਈਵੈਂਟਾਂ ਤੋਂ ਇਲਾਵਾ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੇ 2022 ਹਾਂਗਜ਼ੂ(ਚੀਨ) ਏਸ਼ਿਆਈ ਖੇਡਾਂ ਵਿੱਚ ਵੀ ਸ਼ਮੂਲੀਅਤ ਕਰੇਗਾ। -ਪੀਟੀਆਈ