ਸ਼ਗਨ ਕਟਾਰੀਆ
ਬਠਿੰਡਾ, 23 ਜਨਵਰੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਅੱਜ ਨੁੱਕੜ ਮੀਟਿੰਗਾਂ ਰਾਹੀਂ ਸ਼ਹਿਰੀਆਂ ਕੋਲੋਂ ਸਮਰਥਨ ਮੰਗਿਆ। ਇਸ ਦੌਰਾਨ ਵਾਰਡ ਨੰ. 39 ਤੋਂ ਬੀਬੀ ਰਿੰਕੂ ਬਦੂਰੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਸ੍ਰੀ ਬਾਦਲ ਨੇ ਸਾਰਿਆਂ ਦੇ ਗਲ਼ਾਂ ’ਚ ਕੱਪੜੇ ਤੋਂ ਬਣੇ ਪਾਰਟੀ ਚਿੰਨ੍ਹ ਪਾ ਕੇ ‘ਜੀ ਆਇਆਂ’ ਕਿਹਾ ਅਤੇ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਵਿੱਤ ਮੰਤਰੀ ਨੇ ਆਉਂਦੇ ਦਿਨਾਂ ’ਚ ਸ਼ਹਿਰ ਵਿੱਚ ਵੱਡੇ ‘ਸਿਆਸੀ ਧਮਾਕੇ’ ਹੋਣ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਦੀਆਂ ਕਈ ‘ਤੋਪਾਂ’ ਕਾਂਗਰਸ ਵਿੱਚ ਸ਼ਾਮਲ ਹੋਣਗੀਆਂ।
ਸ੍ਰੀਮਤੀ ਬਦੂਰੀ ਨੇ ਕਿਹਾ ਕਿ ਉਹ ‘ਆਪ’ ਵੱਲੋਂ ਵਾਰਡ ਦੇ ਇੰਚਾਰਜ ਸਨ ਅਤੇ ਪਾਰਟੀ ਵਿੱਚ ਤਾਨਾਸ਼ਾਹੀ ਵਾਲੀ ਪ੍ਰਵਿਰਤੀ ਤਹਿਤ ਹੋਰਨਾਂ ਪਾਰਟੀਆਂ ਵਿੱਚੋਂ ਆਏ ਮਤਲਬਖੋਰ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਵਰਕਰਾਂ ਦਾ ਮਨੋਬਲ ਟੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਵਿੱਚ ਕਰਵਾਏ ਵਿਕਾਸ ਕਾਰਜ ਮੂੰਹੋਂ ਬੋਲਦੇ ਹਨ ਅਤੇ ਇਸ ਤੋਂ ਕਾਇਲ ਹੋ ਕੇ ਹੀ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਦੀ ਸੋਚ ਨਾਲ ਤਾਂ ਉਸ ਦੇ ਵਿਧਾਇਕ ਵੀ ਸਹਿਮਤ ਨਹੀਂ। ਇਸੇ ਲਈ ਹੁਣ ਤਕ 11 ਵਿਧਾਇਕ ਪਾਰਟੀ ਦਾ ਸਾਥ ਛੱਡ ਚੁੱਕੇ ਹਨ ਅਤੇ ਸ਼ਹਿਰ ਦੇ ਸੀਨੀਅਰ ਵਰਕਰ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਸਰਬੱਤ ਦਾ ਭਲਾ ਹੈ, ਜਿਸ ਲਈ ਹਮੇਸ਼ਾਂ ਪਾਰਟੀ ਦਿਨ ਰਾਤ ਕੰਮ ਕਰਦੀ ਹੈ। ਇਸੇ ਸੋਚ ਨਾਲ ਪੰਜਾਬ ਅਤੇ ਬਠਿੰਡਾ ਸ਼ਹਿਰ ਨੂੰ ਤਰੱਕੀ ਵੱਲ ਤੋਰਨ ਦੇ ਯਤਨ ਹੋਏ। ਉਨ੍ਹਾਂ ਦੂਜੀ ਵਾਰ ਕਾਂਗਰਸ ਸਰਕਾਰ ਬਣਾਉਣ ਲਈ ਵੋਟਾਂ ਦੀ ਮੰਗ ਕਰਦਿਆਂ ਕਿਹਾ ਕਿ ‘ਜੋ ਕਹਾਂਗੇ ਉਸ ਨੂੰ ਪੂਰਾ ਕਰਕੇ ਵਿਖਾਵਾਂਗੇ ਅਤੇ ਸ਼ਹਿਰ ਬਠਿੰਡਾ ਨੂੰ ਇੱਕ ਨੰਬਰ ਦਾ ਸ਼ਹਿਰ ਬਣਾਵਾਂਗੇ’। ਉਨ੍ਹਾਂ ਆਖਿਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਕੋਲ ਵੋਟ ਮੰਗਣ ਲਈ ਕੋਈ ਏਜੰਡਾ ਨਹੀਂ। ਇਸ ਮੌਕੇ ਸ੍ਰੀ ਬਾਦਲ ਨਾਲ ਕਾਂਗਰਸ ਦੇ ਮੁਕਾਮੀ ਆਗੂ, ਕੌਂਸਲਰ, ਵਰਕਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।