ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 13 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ’ਚ ਜੰਡਿਆਲਾ ਗੁਰੂ ਦਾਣਾ ਮੰਡੀ ’ਚ ਬੀਬੀਆਂ ਦਾ ਵਿਸ਼ਾਲ ਇਕੱਠ ਕੀਤਾ ਤੇ ਖ਼ਾਲਸਾ ਸਾਜਨਾ ਦਿਵਸ ਮਨਾਉਂਦਿਆਂ ਜ਼ੱਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ 18 ਅਪਰੈਲ ਨੂੰ ਭਗਤਾਂ ਵਾਲੀ ਦਾਣਾ ਮੰਡੀ ਅੰਮ੍ਰਿਤਸਰ ’ਚ ਹੋਣ ਵਾਲੀ ਰੈਲੀ ਵਾਸਤੇ ਬੀਬੀਆਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਨੇ ਦੱਸਿਆ ਅੱਜ ਕਿਸਾਨ ਆਗੂ ਜਰਮਨਜੀਤ ਸਿੰਘ ਬੰਡਾਲਾ ਤੇ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਖ਼ਾਲਸਾ ਸਾਜਨਾ ਦਿਵਸ ’ਤੇ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਇਆ ਗਿਆ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਟੌਲ ਪਲਾਜ਼ਾ ਕਰਾਵਰ (ਮਜਾਰੀ), ਬਲਾਚੌਰ-ਰੋਪੜ ਕੌਮੀ ਮਾਰਗ ’ਤੇ ਸਥਿਤ ਟੌਲ ਪਲਾਜ਼ਾ ਬੱਛੂਆਂ ਵਿੱਚ ਜਿੱਥੇ ਕਿਸਾਨਾਂ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ, ਉੱਥੇ ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ, ਗੁਰਦੁਆਰਾ ਰਾਮਗੜ੍ਹੀਆ ਬਲਾਚੌਰ, ਸਿੰਘ ਸਭਾ ਗੁਰਦੁਆਰਾ ਮਹਿੰਦੀਪੁਰ, ਗਹੂੰਣ, ਰੱਕੜਾਂ ਬੇਟ, ਲੋਹਟਾਂ, ਸੁੱਜੋਵਾਲ, ਮਾਣੇਵਾਲ, ਕੰਗਣਾ ਬੇਟ, ਜਗਤਪੁਰ, ਬਛੌੜੀ, ਕੌਲਗੜ੍ਹ, ਮੌਜੋਵਾਲ ਮਜਾਰਾ, ਰੱਕੜਾਂ ਢਾਹਾ, ਜੈਨਪੁਰ, ਮਹਿੰਦਪੁਰ, ਦਿਆਲਾਂ, ਮਹਿਤਪੁਰ ਉਲੱਦਣੀ, ਕੁੱਲਪੁਰ ਤੇ ਚਾਂਦਪੁਰ ਰੁੜਕੀ ਆਦਿ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਵਿਖੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਮਿੰਨੀ ਸਕੱਤਰੇਤ ਕੋਲ ਰਿਲਾਇੰਸ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੌਰਾਨ ਅੱਜ ਕਿਸਾਨਾਂ ਨੇ ਵਿਸਾਖੀ ਦਾ ਦਿਹਾੜਾ ਮਨਾਇਆ। ਕਿਸਾਨ ਆਗੂ ਹਰਕੰਵਲ ਸਿੰਘ ਨੇ ਕਿਹਾ ਕਿ ਜੇ ਕਿਸਾਨਾਂ ਦਾ ਸਬਰ ਟੁੱਟਿਆ ਤਾਂ ਮੋਦੀ ਸਰਕਾਰ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿਸਾਖੀ ਦਾ ਦਿਹਾੜਾ ਮਨਾਇਆ ਅਤੇ ਜ਼ੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਯਾਦ ਵਿੱਚ ਇਕੱਠ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ, ਖੁਸ਼ਦੀਪ ਸਿੰਘ ਲੰਗਰਵਾਲ, ਗੁਰਬਚਨ ਸਿੰਘ, ਅਜਮੇਰ ਸਿੰਘ, ਜਗਤਾਰ ਸਿੰਘ ਤੇ ਦਲਜੀਤ ਸਿੰਘ ਨੇ ਵਿਚਾਰ ਰੱਖੇ।