ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ/ ਓਟਵਾ, 20 ਫਰਵਰੀ
ਪੁਲੀਸ ਨੇ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ 23 ਦਿਨਾਂ ਤੋਂ ਪਾਰਲੀਮੈਂਟ ਹਿੱਲ ਨੂੰ ਘੇਰੀਂ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ ਹੈ। ਓਟਾਵਾ ਪੁਲੀਸ ਨੇ ਦਾਅਵਾ ਕਿ ਪ੍ਰਦਰਸ਼ਨਕਾਰੀਆਂ ਤੋਂ ਖੇਤਰ ਖਾਲੀ ਕਰਵਾ ਲਿਆ ਗਿਆ ਹੈ। ਸੰਸਦ ਦੇ ਹੇਠਲੇ ਸਦਨ ਦੀ ਬੀਤੇ ਦਿਨੀਂ ਰੱਦ ਹੋਈ ਮੀਟਿੰਗ ਅੱਜ ਜਾਰੀ ਰਹੀ। ਇਸ ਦੌਰਾਨ ਦੇਸ਼ ਦੇ ਐਮਰਜੈਂਸੀ ਕਾਨੂੰਨ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ’ਤੇ ਬਹਿਸ ਹੋਈ। ਇਸ ਸਬੰਧੀ ਵੋਟਾਂ ਅਗਲੇ ਹਫ਼ਤੇ ਪਵਾਈਆਂ ਜਾਣਗੀਆਂ। ਤਿੰਨ ਹਫ਼ਤਿਆਂ ਤੋਂ ਖੇਤਰ ਦੇ ਬੰਦ ਪਏ ਵਪਾਰਕ ਅਦਾਰਿਆਂ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰ ਨੇ ਦੋ ਕਰੋੜ ਡਾਲਰ ਜਾਰੀ ਕੀਤੇ ਹਨ।
ਗ੍ਰਿਫ਼ਤਾਰ ਆਗੂਆਂ ਵਿੱਚੋਂ ਬੀਬੀ ਟਮਾਰਾ ਲਿਚ ਨੂੰ ਸ਼ਰਤਾਂ ਹੇਠ ਮਿਲੀ ਜ਼ਮਾਨਤ ਮਗਰੋਂ ਅੱਜ ਇੱਕ ਲੱਖ ਦੇ ਮੁਚੱਲਕੇ ਉਤੇ ਰਿਹਾਅ ਕਰ ਦਿੱਤਾ ਗਿਆ। ਬਾਕੀਆਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅਗਲੇ ਹਫ਼ਤੇ ਹੋਵੇਗੀ। ਪੁਲੀਸ ਮੁਖੀ ਸਟੀਵ ਬੈੱਲ ਨੇ ਕਿਹਾ ਕਿ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅਖ਼ੀਰ ਉਨ੍ਹਾਂ ਨੂੰ ਸਖ਼ਤੀ ਵਰਤਣੀ ਪਈ। ਉਨ੍ਹਾਂ ਕਿਹਾ ਕਿ ਉਹ ਪੰਜ ਦਿਨਾਂ ਤੋਂ ਖ਼ੁਦ ਇੱਥੇ ਬੈਠੇ ਹਨ ਅਤੇ ਵਿਖਾਵਾਕਾਰੀਆਂ ਨੂੰ ਲਿਹਾਜ਼ ਨਾਲ ਚਲੇ ਜਾਣ ਲਈ ਅਪੀਲ ਕਰ ਰਹੇ ਹਨ, ਪਰ ਉਨ੍ਹਾਂ ਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਸੀ ਆ ਰਹੀ।
ਪੁਲੀਸ ਨੇ ਅੱਜ ਸਵੇਰੇ ਜਦੋਂ ਵੈਲਿੰਗਟਨ ਸਟਰੀਟ ਤੋਂ ਪ੍ਰਧਾਨ ਮੰਤਰੀ ਦਫ਼ਤਰ ਅੱਗਿਓਂ ਵਿਖਾਵਾਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੜਨ ਲੱਗੇ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਵੱਲ ਕਿਸੇ ਰਸਾਇਣ ਦਾ ਸਪਰੇਅ ਕੀਤਾ ਤਾਂ ਉਹ ਨਾਅਰੇਬਾਜ਼ੀ ਕਰਦੇ ਹੋਏ ਦੌੜਨ ਲੱਗੇ। ਇੱਕ ਪ੍ਰਦਰਸ਼ਨਕਾਰੀ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਉਸਦੇ ਚਿਹਰੇ ’ਤੇ ਮਿਰਚਾਂ ਦੀ ਸਪਰੇਅ ਕੀਤੀ ਗਈ ਹੈ। ਹਾਲਾਂਕਿ ਪੁਲੀਸ ਮੁਖੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ। ਪ੍ਰਦਰਸ਼ਨਕਾਰੀਆਂ ਦੇ ਇੱਕ ਬੁਲਾਰੇ ਟੌਮ ਮਰਾਜੋ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਖ਼ੁਦ ਜਾਣ ਲਈ ਤਿਆਰ ਸਨ, ਪਰ ਪੁਲੀਸ ਨੇ ਨਾਕੇ ਨਹੀਂ ਹਟਾਏ। ਪੁਲੀਸ ਮੁਖੀ ਨੇ ਦੱਸਿਆ ਕਿ ਹੁਣ ਤੱਕ 170 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 53 ਟਰੱਕ ਕਬਜ਼ੇ ਵਿੱਚ ਲਏ ਗਏ ਹਨ। ਪੁਲੀਸ ਵਿਖਾਵਾਕਾਰੀਆਂ ਦੀ ਪਛਾਣ ਕਰ ਕੇ ਕੇਸ ਦਰਜ ਕਰੇਗੀ।
ਪ੍ਰਦਰਸ਼ਨਕਾਰੀਆਂ ਦੇ 76 ਬੈਂਕ ਖਾਤੇ ਸੀਲ
ਲੋਕ ਸੁਰੱਖਿਆ ਮੰਤਰੀ ਮਾਰਕੋ ਸੈਂਡੀਸੀਨੋ ਨੇ ਕਿਹਾ ਕਿ ਐਮਰਜੈਂਸੀ ਸਿਰਫ਼ ਪੁਲੀਸ ਦੇ ਹੱਥ ਮਜ਼ਬੂਤ ਕਰਨ ਲਈ ਹੈ ਤੇ ਲੋੜ ਖਤਮ ਹੁੰਦਿਆਂ ਹੀ ਇਸਨੂੰ ਵਾਪਸ ਲੈ ਲਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ 76 ਬੈਂਕ ਖਾਤੇ ਸੀਲ ਕੀਤੇ ਗਏ ਹਨ, ਜਿਨ੍ਹਾਂ ਵਿੱਚ 32 ਲੱਖ ਡਾਲਰ ਜਮ੍ਹਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਰਕਮ ਦੇ ਸਰੋਤਾਂ ਦਾ ਵੀ ਪਤਾ ਲਗਾਏਗੀ। ਐੱਨਡੀਪੀ ਦੇ ਸੰਸਦ ਮੈਂਬਰ ਚਾਰਲੀ ਐਂਗਸ ਨੇ ਪੁਲੀਸ ਦੀ ਕਾਰਵਾਈ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਲੋੜ ਹੈ ਕਿ ਟਰੱਕਾਂ ਦੇ ਕਾਫ਼ਲੇ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਕਿਉਂ ਨਹੀਂ ਗਿਆ। ਉਨ੍ਹਾਂ ਇਸ ਪਿੱਛੇ ਸਾਜ਼ਿਸ਼ ਹੋਣ ਦਾ ਦੋਸ਼ ਲਾਇਆ।