‘ਗੁਆਂਢੀ ਮੁਲਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਕਾਰਵਾਈ ਨਾ ਕੀਤੀ ਜਾਵੇ’
ਕਾਠਮੰਡੂ, 5 ਸਤੰਬਰ
ਨੇਪਾਲ ਸਰਕਾਰ ਨੇ ਐਤਵਾਰ ਨੂੰ ਆਪਣੇ ਨਾਗਰਿਕਾਂ ਨੂੰ ਮਿੱਤਰ ਖਾਸ ਕਰਕੇ ਗੁਆਂਢੀ ਮੁਲਕਾਂ ਦੇ ਸਨਮਾਨ ਨੂੰ ਢਾਹ ਲਾਉਣ ਵਾਲਾ ਕੋਈ ਵੀ ‘ਆਲੋਚਨਾਤਮਕ ਅਤੇ ਅਪਮਾਨਜਨਕ’ ਕੰਮ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਨੇਪਾਲ ਸਰਕਾਰ ਨੇ ਇਹ ਚਿਤਾਵਨੀ ਮੁਲਕ ’ਚ ਪ੍ਰਦਰਸ਼ਨਾਂ ਦੌਰਾਨ ਕੁਝ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜੇ ਜਾਣ ਦੀ ਘਟਨਾ ਮਗਰੋਂ ਦਿੱਤੀ ਹੈ। ਨੇਪਾਲ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ‘ਮਿੱਤਰ ਮੁਲਕ ਦੇ ਪ੍ਰਧਾਨ ਮੰਤਰੀ ਦੀ ਦਿਖ ਨੂੰ ਨੁਕਸਾਨ ਪਹੁੰਚਾਉਣ ਲਈ ਹੋ ਰਹੀ ਨਾਅਰੇਬਾਜ਼ੀ, ਪ੍ਰਦਰਸ਼ਨ ਅਤੇ ਵਿਰੋਧ ’ਚ ਪੁਤਲੇ ਸਾੜੇ ਜਾਣ ਦੀ ਘਟਨਾ ਸਾਹਮਣੇ ਆਈ ਹੈ।’ ਗ੍ਰਹਿ ਮੰਤਰਾਲੇ ਨੇ ਆਪਣੇ ਬਿਆਨ ’ਚ ਆਗੂ ਦੀ ਪਛਾਣ ਉਜਾਗਰ ਨਹੀਂ ਕੀਤੀ ਹੈ। ਨੇਪਾਲ ਸਰਕਾਰ ਦਾ ਇਹ ਸਖ਼ਤ ਬਿਆਨ ਹੁਕਮਰਾਨ ਗੱਠਜੋੜ ਅਤੇ ਵਿਰੋਧੀ ਪਾਰਟੀਆਂ ਨਾਲ ਜੁੜੀਆਂ ਕੁਝ ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਵੱਲੋਂ ਜੁਲਾਈ ’ਚ ਭਾਰਤ ਨਾਲ ਲਗਦੀ ਸਰਹੱਦ ’ਤੇ ਮਹਾਕਾਲੀ ਨਦੀ ਪਾਰ ਕਰਦਿਆਂ ਨੇਪਾਲੀ ਨੌਜਵਾਨ ਦੇ ਡੁੱਬਣ ਦੀ ਘਟਨਾ ਦੇ ਵਿਰੋਧ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜੇ ਜਾਣ ਮਗਰੋਂ ਆਇਆ ਹੈ। ਬਿਆਨ ’ਚ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਗ੍ਰਹਿ ਮੰਤਰਾਲੇ ਗੁਆਂਢੀ ਮੁਲਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਰਗਰਮੀਆਂ ਨੂੰ ਰੋਕਣ ਲਈ ਕਾਰਵਾਈ ਕਰੇਗਾ ਅਤੇ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜੋ ਅਜਿਹੀਆਂ ਗ਼ੈਰਕਾਨੂੰਨੀ ਸਰਗਰਮੀਆਂ ’ਚ ਸ਼ਾਮਲ ਹੋਣਗੇ। -ਪੀਟੀਆਈ