ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਗਸਤ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਸੰਤ ਬਾਬਾ ਸੁੱਚਾ ਸਿੰਘ ਦੀ 20ਵੀਂ ਬਰਸੀ ਸਬੰਧੀ ਸਮਾਗਮਾਂ ਦੀ ਆਰੰਭਤਾ ਅਖੰਡ ਪਾਠ ਦੇ ਪ੍ਰਕਾਸ਼ ਨਾਲ ਹੋਈ। ਇਸ ਮੌਕੇ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਸਮਾਗਮ ਦੀ ਆਰੰਭਤਾ ਦੀ ਅਰਦਾਸ ਕਰਨ ਮਗਰੋਂ ਸੰਤ ਬਾਬਾ ਸੁੱਚਾ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਸਵ. ਗੁਰਦੀਪ ਸਿੰਘ ਮੱਕੜ, ਸਵ. ਬੀਬੀ ਗੁਰਚਰਨ ਕੌਰ ਮੱਕੜ ਅਤੇ ਸਵ. ਬੱਚੀ ਪ੍ਰਭਲੀਨ ਕੌਰ ਮੱਕੜ ਦੀ ਯਾਦ ਵਿੱਚ ਮੁਫ਼ਤ ਡਾਕਟਰੀ ਕੈਂਪ ਲਾਇਆ ਗਿਆ। ਕੈਂਪ ਦੇ ਮੁੱਖ ਪ੍ਰਬੰਧਕ ਦਲਬੀਰ ਸਿੰਘ ਮੱਕੜ ਨੇ ਦੱਸਿਆ ਕਿ ਕੈਂਪ ਵਿੱਚ ਅੱਖਾਂ ਅਤੇ ਦੰਦਾਂ ਦੀ ਮੁਫ਼ਤ ਜਾਂਚ ਤੇ ਇਲਾਜ ਕੀਤਾ ਜਾਵੇਗਾ। ਉਨ੍ਹਾਂ ਅੱਖਾਂ ਦੇ ਡਾਕਟਰ ਰਮੇਸ਼ ਐੱਮਡੀ (ਸਟੇਟ ਐਵਾਰਡੀ) ਅਤੇ ਦੰਦਾਂ ਦੇ ਮਾਹਿਰ ਡਾ.ਰਾਜਨਬੀਰ ਸਿੰਘ ਥਿੰਦ ਦਾ ਸਨਮਾਨ ਕੀਤਾ। ਇਸ ਤੋਂ ਪਹਿਲਾਂ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਭਾਈ ਗੁਰਪ੍ਰੀਤ ਸਿੰਘ, ਭਾਈ ਅਰਸ਼ਦੀਪ ਸਿੰਘ ਤੇ ਭਾਈ ਭਾਈ ਜਗਮੋਹਨ ਸਿੰਘ ਨੇ ਕੀਰਤਨ ਕੀਤਾ। ਸਮਾਗਮ ਵਿੱਚ ਅੰਤਰਰਾਸ਼ਟਰੀ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਮੇਜਰ ਸਿੰਘ ਖਾਲਸਾ ਅਤੇ ਬਲਜੀਤ ਸਿੰਘ ਬੀਤਾ ਹਾਜ਼ਰ ਸਨ।