ਗਗਨਦੀਪ ਅਰੋੜਾ
ਲੁਧਿਆਣਾ, 12 ਮਾਰਚ
ਬੁੱਢੇ ਨਾਲੇ ਦੀ ਸਫ਼ਾਈ ਦੇ ਲਈ ਬਣਾਈ ਗਈ 650 ਕਰੋੜ ਦੀ ਯੋਜਨਾ ’ਤੇ ਕੰਮ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਨਗਰ ਨਿਗਮ ਦੇ ਵੱਲੋਂ ਬੁੱਢਾ ਦਰਿਆ ਦੇ ਆਸਪਾਸ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਟਾਲਣ ਲਈ ਵੱਡੀ ਗਿਣਤੀ ਵਿੱਚ ਪੁਲੀਸ ਵੀ ਲਾਈ ਗਈ ਸੀ। ਉਪਕਾਰ ਨਗਰ ਪੁਲੀ ਦੇ ਦੋਵੇਂ ਪਾਸਿਓ ਨਾਜਾਇਜ਼ ਕਬਜ਼ੇ ਹਟਾਉਣ ਨਾਲ ਕਾਰਵਾਈ ਸੁਰੂ ਕੀਤੀ ਗਈ। ਇਸ ਦੌਰਾਨ ਕੁਝ ਲੋਕਾਂ ਨੇ ਆਪਣਾ ਸਾਮਾਨ ਕੱਢਣ ਦੀ ਅਪੀਲ ਲਾਈ ਤਾਂ ਨਿਗਮ ਅਫ਼ਸਰਾਂ ਨੂੰ ਉਨ੍ਹਾਂ ਨੂੰ ਕੁਝ ਘੰਟਿਆਂ ਦਾ ਸਮਾਂ ਦੇ ਦਿੱਤਾ। ਨਿਗਮ ਦੇ ਰਵੱਈਏ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਕਿਸੇ ਵੀ ਨਾਜਾਇਜ਼ ਕਬਜ਼ੇ ਨੂੰ ਉਹ ਛੱਡਣ ਦੇ ਰੌਂਅ ’ਚ ਨਹੀਂ ਹਨ।
ਜ਼ਿਕਰਯੋਗ ਹੈ ਕਿ ਬੁੱਢੇ ਨਾਲੇ ਦੀ ਕਾਇਆ ਕਲਪ ਲਈ ਨਿਗਮ ਨੇ 650 ਕਰੋੜ ਦੀ ਯੋਜਨਾ ਤਿਆਰ ਕੀਤੀ ਹੈ। ਇਸ ਤਹਿਤ ਟਰੀਟਮੈਂਟ ਪਲਾਂਟ ਲੱਗੇਗਾ, ਜਿੱਥੇ ਪਾਣੀ ਦੀ ਸਫ਼ਾਈ ਹੋਵੇਗੀ, ਉਸ ਦੇ ਨਾਲ ਹੀ ਨਿਗਮ ਨੇ ਬੱੁਢਾ ਦਰਿਆ ਦੇ ਆਲੇ ਦੁਆਲਿਓ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਸਰਵੇਖਣ ਅਨੁਸਾਰ ਲਗਪਗ 14 ਕਿਲੋਮੀਟਰ ਇਲਾਕੇ ’ਚ ਕੁਲ 965 ਕਬਜ਼ੇ ਹਨ, ਇਸ ’ਚ 540 ਪੱਕੇ ਅਤੇ 425 ਕੱਚੇ ਕਬਜ਼ੇ ਹਨ। ਇਨ੍ਹਾਂ ਕਬਜ਼ਾਧਾਰੀਆਂ ਨੂੰ ਪਹਿਲਾਂ ਵੀ ਨਿਗਮ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ, ਉਧਰ ਉਨ੍ਹਾਂ ਦੇ ਪੱਕੇ ਕਬਜ਼ਿਆਂ ’ਤੇ ਲਾਲ ਨਿਸ਼ਾਨ ਲਾ ਦਿੱਤਾ ਗਿਆ ਸੀ ਤਾਂ ਕਿ ਇੱਥੋਂ ਤੱਕ ਕਬਜ਼ਿਆਂ ਨੂੰ ਖਾਲੀ ਕੀਤਾ ਜਾਣਾ ਹੈ। ਹਾਲਾਂਕਿ ਕੁਝ ਲੋਕ ਪਹਿਲਾਂ ਹੀ ਕਬਜ਼ੇ ਛੱਡ ਚੁੱਕੇ ਹਨ।
ਉਧਰ ਨਿਗਮ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਦੇ ਖਿਲਾਫ਼ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ। ਜਿੱਥੇ ਜਿੱਥੇ ਵੀ ਕਬਜ਼ੇ ਹਨ, ਨਿਗਮ ਨੇ ਪਹਿਲਾਂ ਨੋਟਿਸ ਜਾਰੀ ਕਰ ਖਾਲੀ ਕਰਨ ਲਈ ਆਖ ਦਿੱਤਾ ਸੀ।