ਕਰਮਜੀਤ ਸਿੰਘ ਚਿੱਲਾ
ਬਨੂੜ, 20 ਫਰਵਰੀ
ਵੋਟਾਂ ਵਾਲੇ ਦਿਨ ਇਸ ਖੇਤਰ ਵਿੱਚ ਅੱਧੀ ਦਰਜਨ ਤੋਂ ਵੱਧ ਥਾਵਾਂ ਉੱਤੇ ਜੰਝ ਚੜ੍ਹਨ ਤੋਂ ਪਹਿਲਾਂ ਲਾੜਿਆਂ ਨੇ ਆਪਣੀ ਵੋਟ ਪਾਈ। ਕੁਝ ਥਾਵਾਂ ਉੱਤੇ ਲਾੜੇ ਸਿਹਰੇ ਬੰਨ੍ਹ ਕੇ ਆਪਣੇ ਮਾਪਿਆਂ ਸਮੇਤ ਪੋਲਿੰਗ ਬੂਥਾਂ ਉੱਤੇ ਪੁੱਜੇ। ਇਸੇ ਦੌਰਾਨ ਬਰਾਤੀ ਵੀ ਆਪਣੀ ਵੋਟ ਪਾ ਕੇ ਬਾਰਾਤ ਚੜ੍ਹੇ। ਪਿੰਡ ਮਨੌਲੀ ’ਚ ਦੋ ਬਰਾਤਾਂ ਚੜ੍ਹੀਆਂ।
ਜਸਪ੍ਰੀਤ ਸਿੰਘ ਨਾਂ ਦਾ ਨੌਜਵਾਨ ਆਪਣੀ ਵੋਟ ਪਾਉਣ ਮਗਰੋਂ ਮੋਰਿੰਡਾ ਬਰਾਤ ਲੈ ਕੇ ਗਿਆ। ਇਸੇ ਤਰ੍ਹਾਂ ਨੌਜਵਾਨ ਰਮਨਦੀਪ ਸਿੰਘ ਨੇ ਡੇਰਾਬਸੀ ਵਿਆਹੁਣ ਜਾਣ ਤੋਂ ਪਹਿਲਾਂ ਆਪਣੀ ਵੋਟ ਪਾਈ। ਇਨ੍ਹਾਂ ਨੌਜਵਾਨਾਂ ਨੇ ਆਖਿਆ ਕਿ ਵੋਟ ਪਾਉਣਾ ਉਨ੍ਹਾਂ ਦਾ ਅਧਿਕਾਰ ਤੇ ਫਰਜ਼ ਹੈ ਅਤੇ ਉਹ ਇਸ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਦੀਆਂ ਵੋਟਾਂ ਪਹਿਲ ਦੇ ਆਧਾਰ ’ਤੇ ਭੁਗਤਾਈਆਂ ਗਈਆਂ। ਇਸੇ ਤਰ੍ਹਾਂ ਪਿੰਡ ਦੁਰਾਲੀ, ਪਿੰਡ ਸਨੇਟਾ ਅਤੇ ਪਿੰਡ ਹੁਲਕਾ ਤੋਂ ਵੀ ਲਾੜਿਆਂ ਨੇ ਬਰਾਤ ਚੜ੍ਹਨ ਤੋਂ ਪਹਿਲਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਦੇਵੀਦਾਸਪੁਰਾ ਦੇ ਅਮਨਦੀਪ ਸਿੰਘ ਨੇ ਅੱਜ ਸਵੇਰੇ ‘ਘੋੜੀ ਚੜ੍ਹਨ’ ਤੋਂ ਪਹਿਲਾਂ ਵੋਟ ਪਾਈ। ਸਮਾਜ ਸੇਵੀ ਗੁਰਵਿੰਦਰ ਸਿੰਘ ਨੇ ਦੱਸਿਆ ਅੱਜ ਅਮਨਦੀਪ ਦਾ ਵਿਆਹ ਹੈ ਅਤੇ ਉਸ ਨੇ ਬਾਰਾਤ ਲਿਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿਚ ਵੋਟ ਪਾਈ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਪੈਂਦੇ ਪਿੰਡ ਸਿੰਘਪੁਰਾ ਦੀ ਲੜਕੀ ਕੋਮਲਪ੍ਰੀਤ ਕੌਰ ਨੇ ਅੱਜ ਆਪਣੇ ਵਿਆਹ ਵਾਲੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਸਿੰਘਪੁਰਾ ’ਚ ਵੋਟ ਪਾਈ। ਇਸੇ ਤਰ੍ਹਾਂ ਨੇੜਲੇ ਪਿੰਡ ਬਦੇਸੇ ਦੀ ਕੋਮਲ ਨੇ ਵੀ ਆਪਣੇ ਵਿਆਹ ਵਾਲੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਵਾਰ ਮਤਦਾਨ ਕੀਤਾ।