ਚਰਨਜੀਤ ਭੁੱਲਰ
ਚੰਡੀਗੜ੍ਹ, 7 ਅਪਰੈਲ
ਪੰਜਾਬ ਕਾਂਗਰਸ ਵੱਲੋਂ ਤੇਲ ਕੀਮਤਾਂ ਤੇ ਰਸੋਈ ਗੈਸ ਵਿੱਚ ਵਾਧੇ ਖ਼ਿਲਾਫ਼ ਲਗਾਏ ਗਏ ਰੋਸ ਧਰਨੇ ਵਿੱਚ ਅੱਜ ਇੱਥੇ ਕਾਂਗਰਸੀ ਆਗੂ ਆਪਸ ਵਿੱਚ ਹੀ ਭਿੜ ਗਏ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵਿਚਾਲੇ ਗੱਲ ਤੂੰ-ਤੂੰ, ਮੈਂ-ਮੈਂ ਤੱਕ ਪਹੁੰਚ ਗਈ। ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਧਰਨੇ ਵਿੱਚ ਚੰਗਿਆੜੀ ਬਣ ਕੇ ਉੱਭਰੀ, ਜਿਸ ਕਰ ਕੇ ਰੋਸ ਧਰਨਾ ਫਲਾਪ ਸ਼ੋਅ ਵਿੱਚ ਤਬਦੀਲ ਹੋ ਗਿਆ। ਮਾਹੌਲ ਵਿੱਚ ਬਣੀ ਕੁੜੱਤਣ ਨੂੰ ਦੇਖਦਿਆਂ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਦੀ ਘੇਰਾਬੰਦੀ ਲਈ ਲਗਾਏ ਗਏ ਧਰਨੇ ਮਗਰੋਂ ਕੀਤਾ ਜਾਣ ਵਾਲਾ ਰੋਸ ਮਾਰਚ ਵੀ ਰੱਦ ਕਰਨਾ ਪਿਆ।