ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਜੂਨ
ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ ਵਿੱਚ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਕ੍ਰਿਸ਼ਨ ਪੱਖ ਅਸ਼ਟਮੀ ਦਾ ਮਹੀਨਾਵਾਰ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਰਪ੍ਰਸਤ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਜਗਤਗੁਰੂ ਬਾਬਾ ਗਰੀਬਦਾਸ ਮਹਾਰਾਜ ਵਲੋਂ ਰਚਿਤ ਬਾਣੀ ’ਚ ਦਰਜ ‘ਸਾਤੋਂ ਵਾਰ ਕੀ ਰਮੈਣੀ’ ਪਾਠ ਦੀ ਵਿਆਖਿਆ ਕਰਦਿਆਂ ਕਿਹਾ ਕਿ ਹਫਤੇ ਦੇ ਸੱਤ ਦਿਨਾਂ ਦੀ ਮਨੁੱਖਾ ਜੀਵ ਲਈ ਵਿਲੱਖਣ ਮਹਾਨਤਾ ਹੈ, ਜਿਸ ਅਨੁਸਾਰ ਜੀਵ ਪਲ-ਪਲ ਆਪਣੇ ਇਸ਼ਟ ਦੀ ਉਪਾਸਨਾ ਕਰਕੇ ਜੀਵਨ ਨੂੰ ਆਦਰਸਮਈ ਬਣਾਉਣ ਯੋਗ ਬਣਾਉਂਦਾ ਹੈ। ਵਾਤਾਵਰਨ ’ਚ ਪੈਦਾ ਵਿਗਾੜਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮਨੁੱਖੀ ਜੀਵ ਦੀਆਂ ਗਲਤੀਆਂ ਕਾਰਨ ਅੱਜ ਅਸੀਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਇਸ ਦੌਰਾਨ ਉਨ੍ਹਾਂ ਬਾਬਾ ਗਰੀਬਦਾਸੀ ਮਹਾਰਾਜ ਦੀ ਬਾਣੀ ਦਾ ਸੰਸੋਧਨ ਕਰਨ ਉਪਰੰਤ ਨਵੇਂ ਗ੍ਰੰਥ, ਸੈਂਚੀਆਂ ਪ੍ਰਕਾਸ਼ਿਤ ਕਰਨ ਦੀ ਲੜੀ ਅਧੀਨ ‘ਰਤਨ ਸਾਗਰ’ ਦਾ ਪੰਜਾਬੀ ਅਨੁਵਾਦ ਰਿਲੀਜ਼ ਕੀਤਾ।