ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਮਈ
ਸਥਾਨਕ ਸ਼ਹਿਰ ਦੇ ਨੀਵੇਂ ਬਾਜ਼ਾਰ ਵਿੱਚ ਅੱਜ ਦਿਨ-ਦਿਹਾੜੇ ਇੱਕ ਏਟੀਐੱਮ ਸੈਂਟਰ ਤੋਂ ਲੁਟੇਰਿਆਂ ਨੇ ਉੱਥੇ ਕੰਮ ਕਰਨ ਵਾਲੀ ਲੜਕੀ ਨੂੰ ਕੁੱਟ ਮਾਰ ਕਰ ਕੇ ਬੰਧਕ ਬਣਾ ਲਿਆ ਅਤੇ ਉਸ ਦੇ ਕੈਸ਼ ਕਾਊਂਟਰ ’ਚੋਂ 42,500 ਰੁਪਏ ਲੁੱਟ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਕਰੀਬ 4.30 ਵਜੇ ਤੋਂ ਬਾਅਦ ਦੋ ਨਕਾਬਪੋਸ਼ ਨੌਜਵਾਨ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਇਸ ਏਟੀਐੱਮ ਸੈਂਟਰ ’ਚ ਲੱਗੀ ਮਸ਼ੀਨ ’ਚ ਕਾਰਡ ਪਾ ਕੇ ਪੈਸੇ ਕੱਢਣ ਲੱਗ ਪਏ।
ਇੱਕ ਨੌਜਵਾਨ ਕੁਝ ਮਿੰਟ ਏਟੀਐੱਮ ਮਸ਼ੀਨ ਵਿੱਚ ਕਾਰਡ ਪਾ ਕੇ ਪੈਸੇ ਕੱਢਣ ਲਈ ਵਾਰ-ਵਾਰ ਕੋਸ਼ਿਸ਼ ਕਰਦਾ ਰਿਹਾ ਜਦ ਕਿ ਦੂਸਰਾ ਨੌਜਵਾਨ ਸਾਈਡ ’ਤੇ ਖੜ੍ਹਾ ਰਿਹਾ। ਜਦੋਂ ਏਟੀਐੱਮ ਮਸ਼ੀਨ ’ਚੋਂ ਪੈਸੇ ਨਾ ਨਿਕਲੇ ਤਾਂ ਉਨ੍ਹਾਂ ਕੈਸ਼ ਕਾਊਂਟਰ ’ਤੇ ਬੈਠੀ ਲੜਕੀ ਨੂੰ ਕਿਹਾ ਕਿ ਮਸ਼ੀਨ ਕੰਮ ਨਹੀਂ ਕਰ ਰਹੀ ਅਤੇ ਉਹ ਆਪ ਆ ਕੇ ਕੋਸ਼ਿਸ਼ ਕਰੇ। ਲੜਕੀ ਵੱਲੋਂ ਆਪਣੇ ਕੈਸ਼ ਕਾਊਂਟਰ ਦੇ ਕੈਬਿਨ ਵਿੱਚ ਲੱਗੀ ਕੁੰਡੀ ਖੋਲ੍ਹ ਕੇ ਜਦੋਂ ਬਾਹਰ ਆਈ ਤਾਂ ਉਸਨੇ ਏਟੀਐੱਮ ਮਸ਼ੀਨ ਚੈੱਕ ਕੀਤੀ। ਇਸ ਦੌਰਾਨ ਹੀ ਇਨ੍ਹਾਂ 2 ਨੌਜਵਾਨਾਂ ਨੇ ਲੜਕੀ ਨੂੰ ਧੱਕੇ ਨਾਲ ਏਟੀਐੱਮ ਕੋਲ ਬਣੇ ਕੈਬਿਨ ਅੰਦਰ ਲੈ ਗਏ ਜਿਨ੍ਹਾਂ ’ਚੋਂ ਇੱਕ ਨੌਜਵਾਨ ਨੇ ਲੜਕੀ ਨੂੰ ਫਰਸ਼ ’ਤੇ ਸੁੱਟ ਕੇ ਉਸ ਦੇ ਗਲ ਵਿੱਚ ਚੁੰਨੀ ਪਾ ਗੋਡਾ ਰੱਖ ਕੇ ਬੰਧਕ ਬਣਾ ਲਿਆ ਜਦਕਿ ਦੂਜਾ ਨੌਜਵਾਨ ਕੈਸ਼ ਕਾਊਂਟਰ ਦੀ ਤਲਾਸ਼ੀ ਲੈਣ ਲੱਗ ਪਿਆ। ਕੈਸ਼ ਕਾਊਂਟਰ ’ਚੋਂ ਇਹ ਨਕਾਬਪੋਸ਼ ਲੁਟੇਰੇ ਨਕਦੀ ਲੁੱਟ ਹੀ ਰਹੇ ਸਨ ਕਿ ਇਸ ਦੌਰਾਨ ਕੰਮ ਕਰਦੀ ਲੜਕੀ ਦਾ ਭਰਾ ਦੀਪਕ ਕੁਮਾਰ ਵੀ ਦੁਕਾਨ ਅੰਦਰ ਆ ਵੜਿਆ, ਜਿਨ੍ਹਾਂ ਨਾਲ ਲੁਟੇਰਿਆਂ ਦੀ ਹੱਥੋਪਾਈ ਵੀ ਹੋਈ। ਇਹ ਦੋਵੇਂ ਲੁਟੇਰੇ ਬੜੀ ਤੇਜ਼ੀ ਨਾਲ ਕੈਸ਼ ਕਾਊਂਟਰ ’ਚੋਂ ਲੁੱਟੇ 42,500 ਰੁਪਏ, ਕੰਮ ਕਰਨ ਵਾਲੀ ਲੜਕੀ ਦਾ ਪਰਸ ਅਤੇ ਮੋਬਾਈਲ ਲੈ ਕੇ ਏਟੀਐੱਮ ਸੈਂਟਰ ’ਚੋਂ ਬਾਹਰ ਨਿਕਲ ਗਏ। ਦੁਕਾਨ ਦੇ ਬਾਹਰ ਵੀ ਲੜਕੀ ਤੇ ਉਸਦੇ ਭਰਾ ਵਲੋਂ ਲੁਟੇਰਿਆਂ ਦਾ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਹ ਉਨ੍ਹਾਂ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਏ। ਲੁਟੇਰਿਆਂ ਦਾ ਜੋ ਬੁਲੇਟ ਮੋਟਰਸਾਈਕਲ ਸੀ ਉਸ ਦਾ ਨੰਬਰ ਵੀ ਪੇਂਟ ਕਰ ਛੁਪਾਇਆ ਹੋਇਆ ਸੀ। ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਇਹ ਏਟੀਐੱਮ ਤਾਜ ਕੰਪਿਊਟਰ ਸੈਂਟਰ ਵੱਲੋਂ ਖੋਲ੍ਹਿਆ ਗਿਆ ਹੈ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦਾ ਆਨਲਾਈਨ ਭੁਗਤਾਨ ਵੀ ਕੀਤਾ ਜਾਂਦਾ ਹੈ, ਜਿਸ ਕਾਰਨ ਉੱਥੇ ਕੁਝ ਨਕਦੀ ਵੀ ਰਹਿੰਦੀ ਹੈ। ਲੁਟੇਰੇ ਇਸ ਏਟੀਐੱਮ ਸੈਂਟਰ ਵਿੱਚ ਕਰੀਬ 18 ਮਿੰਟ ਰਹੇ ਅਤੇ ਬਾਜ਼ਾਰ ਵਿੱਚ ਦਿਨ-ਦਿਹਾੜੇ ਲੁੱਟ ਦੀ ਘਟਨਾ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਮਰਾਲਾ ਹਰਵਿੰਦਰ ਸਿੰਘ ਖਹਿਰਾ ਪੁੱਜੇ ਜਿਨ੍ਹਾਂ ਨੇ ਮੌਕੇ ’ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ।