ਕੋਲਕਾਤਾ, 9 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ’ਚ ਵਰਤੇ ਜਾਣ ਵਾਲੇ ਉਪਕਰਨਾਂ ਤੇ ਦਵਾਈਆਂ ’ਤੇ ਹਰ ਤਰ੍ਹਾਂ ਦੇ ਟੈਕਸਾਂ ਤੋਂ ਛੋਟ ਦੇਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਨੂੰ ਜੈਅੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਮਮਤਾ ਬੈਨਰਜੀ ਨੇ ਮੋਦੀ ਨੂੰ ਸਿਹਤ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਅਤੇ ਕਰੋਨਾ ਪੀੜਤਾਂ ਦੇ ਇਲਾਜ ਲਈ ਉਪਕਰਨ, ਦਵਾਈਆਂ ਤੇ ਆਕਸੀਜਨ ਦੀ ਸਪਲਾਈ ਵਧਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਪੱਤਰ ’ਚ ਕਿਹਾ, ‘ਵੱਡੀ ਗਿਣਤੀ ’ਚ ਜਥੇਬੰਦੀਆਂ, ਲੋਕ ਤੇ ਹੋਰ ਏਜੰਸੀਆਂ ਆਕਸੀਜਨ ਕੰਸਨਟਰੇਟਰ ਅਤੇ ਕੋਵਿਡ ਨਾਲ ਸਬੰਧਤ ਦਵਾਈਆਂ ਦਾਨ ਦੇਣ ਲਈ ਅੱਗੇ ਆਈਆਂ ਹਨ। ਕਈ ਦਾਨੀ ਸੰਸਥਾਵਾਂ ਨੇ ਇਨ੍ਹਾਂ ਵਸਤਾਂ ’ਤੇ ਕਸਟਮ ਡਿਊਟੀ, ਐੱਸਜੀਐੱਸਟੀ, ਸੀਜੀਐੱਸਟੀ ਤੇ ਆਈਜੀਐੱਸਟੀ ਤੋਂ ਛੋਟ ’ਤੇ ਵਿਚਾਰ ਲਈ ਸੂਬਾ ਸਰਕਾਰ ਵੱਲ ਰੁਖ਼ ਕੀਤਾ ਹੈ।’ ਮਮਤਾ ਬੈਨਰਜੀ ਨੇ ਕਿਹਾ ਕਿ ਇਨ੍ਹਾਂ ਦੀਆਂ ਕੀਮਤਾਂ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ’ਚ ਆਉਂਦੀਆਂ ਹਨ। ਇਸ ਲਈ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਇਨ੍ਹਾਂ ਵਸਤਾਂ ’ਤੇ ਜੀਐੱਸਟੀ ਤੇ ਕਸਟਮ ਡਿਊਟੀ ਅਤੇ ਅਜਿਹੇ ਹੋਰ ਟੈਕਸਾਂ ਤੇ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ ਤਾਂ ਜੋ ਕੋਵਿਡ-19 ਮਹਾਮਾਰੀ ਖ਼ਿਲਾਫ਼ ਜੰਗ ਦੌਰਾਨ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਅਤੇ ਉਪਕਰਨਾਂ ਦੀ ਸਪਲਾਈ ਵਧਾਉਣ ’ਚ ਮਦਦ ਮਿਲ ਸਕੇ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਕਰੋਨਾਵਾਇਰਸ ਫੈਸਣ ਤੋਂ ਰੋਕਣ ’ਚ ਨਾਕਾਮ ਰਹਿਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦੀ ਰਹੀ ਹੈ। -ਪੀਟੀਆਈ