ਨਵੀਂ ਦਿੱਲੀ, 5 ਸਤੰਬਰ
ਭਾਜਪਾ ਨੇ ਮੁਜ਼ੱਫਰਨਗਰ ਵਿੱਚ ਕੀਤੀ ‘ਕਿਸਾਨ ਮਹਾਪੰਚਾਇਤ’ ਨੂੰ ‘ਚੋਣ ਮੀਟਿੰਗ ਕਰਾਰ’ ਦਿੱਤਾ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਸਮੇਤ ਹੋਰਨਾਂ ਸੂਬਿਆਂ ’ਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਪੰਚਾਇਤ ਦੇ ਪ੍ਰਬੰਧਕ ਸਿਆਸੀ ਸਰਗਰਮੀਆਂ ’ਚ ਵਧੇਰੇ ਦਿਲਚਸਪੀ ਲੈ ਰਹੇ ਹਨ। ਭਾਜਪਾ ‘ਕਿਸਾਨ ਮੋਰਚਾ’ ਦੇ ਪ੍ਰਧਾਨ ਤੇ ਸੰਸਦ ਮੈਂਬਰ ਰਾਜਕੁਮਾਰ ਚਾਹਰ ਨੇ ਇਕ ਬਿਆਨ ਵਿੱਚ ਦਾਅਵਾ ਕੀਤਾ ਕਿ ਮਹਾਪੰਚਾਇਤ ਦੇ ਪ੍ਰਬੰਧਕਾਂ ਦਾ ਇਕੋ-ਇਕ ਏਜੰਡਾ ਸਿਆਸਤ ਹੈ ਤੇ ਉਨ੍ਹਾਂ ਨੂੰ ਕਿਸਾਨਾਂ ਦੀ ਕੋਈ ਫ਼ਿਕਰ ਨਹੀਂ ਹੈ। ਚਾਹਰ ਨੇ ਕਿਹਾ, ‘‘ਇਹ ਇਕ ਸਿਆਸੀ ਤੇ ਚੋਣ ਮੀਟਿੰਗ ਤੋਂ ਛੁੱਟ ਕੁਝ ਨਹੀਂ ਸੀ। ਵਿਰੋਧੀ ਧਿਰ ਤੇ ਇਹ ਕਿਸਾਨ ਯੂਨੀਅਨਾਂ ਦੇ ਆਗੂ ਸਿਆਸਤ ਵਿੱਚ ਪੈਰ ਧਰਨ ਲਈ ਕਿਸਾਨਾਂ ਦਾ ਮੋਢਾ ਵਰਤ ਰਹੇ ਹਨ।’’ ਚਾਹਰ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਸੱਤ ਸਾਲਾਂ ਵਿੱਚ ਕਿਸਾਨਾਂ ਲਈ ਜਿੰਨਾ ਕੰਮ ਕੀਤਾ ਹੈ, ਓਨਾ ਅੱਜ ਤੱਕ ਕੋਈ ਸਰਕਾਰ ਨਹੀਂ ਕਰ ਸਕੀ। -ਪੀਟੀਆਈ