ਲੇਹ, 9 ਮਈ
ਕਰੋਨਾ ਮਹਾਮਾਰੀ ਕਾਰਨ ਵਧ ਰਹੇ ਮਰੀਜ਼ਾਂ ਦੀ ਆਕਸੀਜਨ ਦੀ ਲੋੜ ਪੂਰੀ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਮਈ ਮਹੀਨੇ ਦੇ ਅੰਤ ਤਕ ਤਿੰਨ ਆਕਸੀਜਨ ਪਲਾਂਟ ਲਾਏ ਜਾਣਗੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰੋਨਾ ਦੀ ਲਾਗ ਰੋਕਣ ਲਈ ਕੀਤੇ ਪ੍ਰਬੰਧਾਂ, ਜ਼ਰੂਰੀ ਸਾਮਾਨ ਅਤੇ ਦਵਾਈਆਂ ਆਦਿ ਬਾਰੇ ਮੀਟਿੰਗ ਕੀਤੀ ਗਈ। ਇਸ ਦੀ ਪ੍ਰਧਾਨਗੀ ਕਰਦਿਆਂ ਰਾਜਪਾਲ ਆਰਕੇ ਮਾਥੁਰ ਨੇ ਕਿਹਾ ਕਿ ਕਰੋਨਾ ਮਰੀਜ਼ਾਂ ਦੀ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਤਿੰਨ ਪਲਾਂਟ ਲਾਏ ਜਾਣਗੇ।
ਦਰਾਸ, ਪਾਡੁਮ ਅਤੇ ਦਿਸਕਿਤ ਵਿੱਚ ਲੱਗਣ ਵਾਲੇ ਇਨ੍ਹਾਂ ਪਲਾਂਟਾਂ ਬਾਰੇ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਤਿੰਨਾਂ ਥਾਵਾਂ ’ਤੇ ਪਲਾਂਟਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਿਹਤ ਅਤੇ ਮੈਡੀਕਲ ਸਿੱਖਿਆ ਦੇ ਪ੍ਰਿੰਸੀਪਲ ਸਕੱਤਰ ਪਵਨ ਕੋਤਵਾਲ ਨੇ ਦੱਸਿਆ ਕਿ ਸਪਲਾਇਰ ਛੇਤੀ ਹੀ ਪਲਾਂਟ ਦੀ ਮਸ਼ੀਨਰੀ ਭੇਜ ਦੇਣਗੇ ਤੇ ਇਹ ਪਲਾਂਟ ਮਈ ਮਹੀਨੇ ਦੇ ਅੰਤ ਸ਼ੁਰੂ ਹੋਣ ਦੀ ਉਮੀਦ ਹੈ।
ਸਰਕਾਰੀ ਬੁਲਾਰੇ ਨੇ ਕਿਹਾ ਕਿ ਨੈਸ਼ਨਲ ਹੋਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਕਾਰਗਿੱਲ ਲਈ ਵੀ 2×500 ਐੱਲਪੀਐੱਮ ਦੀ ਸਮੱਰਥਾ ਵਾਲਾ ਆਕਸੀਜਨ ਪਲਾਂਟ ਮੁਹੱਈਆ ਕਰਵਾਏਗੀ। ਇਸੇ ਤਰ੍ਹਾਂ ਲੇਹ ਵਿਚ ਆਕਸੀਜਨ ਸਪਲਾਈ ਵਿਚ ਵਾਧਾ ਕਰਨ ਲਈ ਇੰਨੀ ਹੀ ਸਮੱਰਥਾ ਵਾਲਾ ਪਲਾਂਟ ਲਾਇਆ ਜਾਵੇਗਾ ਤਾਂ ਕਿ ਮੌਜੂਦਾ ਪਲਾਂਟ ਦੀ 1000 ਐੱਲਪੀਐੱਮ ਦੀ ਸਮਰੱਥਾ ਨੂੰ 2000 ਐੱਲਪੀਐੱਮ ਕੀਤਾ ਜਾ ਸਕੇ। -ਪੀਟੀਆਈ